ਇਮਰਾਨ ਦੀ ਅਗਵਾਈ ਵਿਚ ਪਾਕਿ ’ਚ ‘ਘੱਟ ਗਿਣਤੀ ਭਾਈਚਾਰਿਆਂ ਦੀ ਹੋਂਦ’ ਖਤਰੇ ’ਚ
Friday, Feb 19, 2021 - 10:39 PM (IST)
ਇਸਲਾਮਾਬਾਦ (ਵਿਸ਼ੇਸ਼)– ਪਾਕਿਸਤਾਨ ’ਚ ਹਿੰਦੂ ਭਾਈਚਾਰੇ ਨੂੰ ਉਨ੍ਹਾਂ ਦੇ ਮੂਲ ਅਧਿਕਾਰਾਂ ਤੋਂ ਵਾਂਝੇ ਕਰਨ ਲਈ ਲਗਾਤਾਰ ਮੁਹਿੰਮ ਜਾਰੀ ਹੈ।
ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ’ਚ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਮਾਮਲੇ ’ਚ ਅਸਫਲਤਾ ਅਤੇ ਹੋਰ ਕਾਰਣਾਂ ਕਰ ਕੇ ਘੱਟ ਗਿਣਤੀ ਭਾਈਚਾਰਿਆਂ ’ਤੇ ਹਮਲੇ ਤੇਜ਼ੀ ਨਾਲ ਵਧੇ ਹਨ, ਜਿਸ ਕਾਰਣ ਘੱਟ ਗਿਣਤੀ ਭਾਈਚਾਰਿਆਂ ਦੀ ਹੋਂਦ ਖਤਮ ਹੋਣ ਕੰਢੇ ਪਹੁੰਚ ਚੁੱਕੀ ਹੈ। ਜਿਸ ਕਾਰਣ ਸੁਰੱਖਿਆ ਅਤੇ ਸ਼ਾਂਤੀ ਲਈ ਅਹਿਮਦੀਆ ਭਾਈਚਾਰੇ ਦੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਵਿਦੇਸ਼ ਭੱਜ ਰਹੇ ਹਨ। ਇਸ ਤਰ੍ਹਾਂ ਬਲੂਚ ਆਪਣੇ ਪਰਿਵਾਰਾਂ ਨੂੰ ਵੱਡੀ ਗਿਣਤੀ ’ਚ ਦੂਜੇ ਦੇਸ਼ਾਂ ’ਚ ਸ਼ਰਣ ਲੈਣ ਲਈ ਪ੍ਰੇਰਿਤ ਕਰ ਰਹੇ ਹਨ।
ਉਥੇ ਹੀ ਹੁਣ ਹਿੰਦੂ ਨਿਸ਼ਾਨੇ ’ਤੇ ਹਨ, ਜਿਨ੍ਹਾਂ ਦੀ ਆਬਾਦੀ ਸਿਰਫ 1.6 ਫੀਸਦੀ ਹੈ। ਅਜਿਹੇ ’ਚ ਮੁਸਲਿਮ ਬਹੁ ਗਿਣਤੀ ਵਾਲੇ ਸੂਬੇ ’ਚ ਛੋਟੇ ਜਿਹੇ ਹਿੰਦੂ ਭਾਈਚਾਰੇ ਲਈ ਰਹਿਣਾ ਸੌਖਾਲਾ ਨਹੀਂ ਰਿਹਾ ਪਰ ਹੁਣ ਉਹ ਭਿਆਨਕ ਅਤੇ ਨਿਰਾਸ਼ਾਜਨਕ ਤਸ਼ੱਦਦ ਵੱਲ ਵਧ ਰਹੇ ਹਨ। ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਸੁਪਰੀਮ ਕੋਰਟ ਨੂੰ ਸੌਂਪੀ ਗਈ ਇਕ ਰਿਪੋਰਟ ’ਚ ਡਾ. ਸ਼ੋਇਬ ਸੁਦਾਲ ਨੇ ਪਾਕਿਸਤਾਨ ’ਚ ਸਭ ਤੋਂ ਪਵਿੱਤਰ ਹਿੰਦੂ ਮੰਦਰਾਂ ’ਤੇ ਹਮਲੇ ਦੀਆਂ ਤਸਵੀਰਾਂ ਪੇਸ਼ ਕੀਤੀਆਂ। ਸੁਪਰੀਮ ਕੋਰਟ ’ਚ ਸਰਕਾਰ ਨੇ ਇਕ ਹਲਫਨਾਮੇ ’ਚ ਇਹ ਸਵੀਕਾਰ ਕੀਤਾ ਕਿ 287 ਤੋਂ ਵੱਧ ਮੰਦਰਾਂ ਨੂੰ ਭੂ-ਮਾਫੀਆਵਾਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ।
1947 ਤੋਂ ਬਾਅਦ ਤੋਂ ਘੱਟ ਗਿਣਤੀ ਭਾਈਚਾਰਿਆਂ ਦੀ ਆਬਾਦੀ ’ਚ ਸਭ ਤੋਂ ਵੱਧ ਗਿਰਾਵਟ
ਪਿਛਲੇ ਸਾਲ ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਘੱਟ ਗਿਣਤੀ ਭਾਈਚਾਰਿਆਂ ਦੀਆਂ ਧਾਰਮਿਕ ਸਰੰਚਨਾਵਾਂ ਦੀ ਸਥਿਤੀ ਦਾ ਅਧਿਐਨ ਕੀਤਾ। ਉਨ੍ਹਾਂ ਨੇ ਦੇਖਿਆ ਕਿ ਵੱਖ-ਵੱਖ ਕਾਰਣਾਂ ਕਰ ਕੇ ਇਨ੍ਹਾਂ ਧਾਰਮਿਕ ਸਥਾਨਾਂ ’ਤੇ ਬਹੁ ਗਿਣਤੀ ਭਾਈਚਾਰੇ ਦੇ ਸਿੱਧੇ ਹਮਲੇ ਹੋਏ ਹਨ ਅਤੇ ਸਰਕਾਰੀ ਅਧਿਕਾਰੀਆਂ ਵਲੋਂ ਇਸ ਦੀ ਅਣਦੇਖੀ ਕੀਤੀ ਗਈ ਹੈ। ਕਮਿਸ਼ਨ ਦੀ ਰਿਪੋਰਟ ’ਚ ਸਾਹਮਣੇ ਆਇਆ ਕਿ 1947 ਤੋਂ ਬਾਅਦ ਤੋਂ ਘੱਟ ਗਿਣਤੀ ਭਾਈਚਾਰਿਆਂ ਦੀ ਆਬਾਦੀ ’ਚ ਸਭ ਤੋਂ ਜ਼ਿਆਦਾ ਗਿਰਾਵਟ ਸੀ। ਕਮਿਸ਼ਨ ਮੁਤਾਬਕ ਇਹ ਗਿਰਾਵਟ ਉਨ੍ਹਾਂ ਦੇ ਖਿਲਾਫ ਹਮਲਿਆਂ, ਭੇਦਭਾਵ ਤੋਂ ਇਲਾਵਾ ਆਰਥਿਕ ਮੌਕਿਆਂ ਨੂੰ ਸੀਮਤ ਕਰਨ ਕਾਰਣ ਦਰਜ ਕੀਤੀ ਗਈ। ਕਮਿਸ਼ਨ ਨੇ ਦੇਖਿਆ ਕਿ ਬਹੁ ਗਿਣਤੀ ਭਾਈਚਾਰੇ ਵਲੋਂ ਹਿੰਸਾ ਅਤੇ ਸਿਆਸੀ ਦਬਾਅ ਸਮੇਤ ਵੱਖ-ਵੱਖ ਕਾਰਣਾਂ ਕਰ ਕੇ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਦੇ ਹਜ਼ਾਰਾਂ ਪੂਜਾ ਸਥਾਨ ਬੰਦ ਕਰ ਦਿੱਤੇ ਗਏ। ਪਾਕਿਸਤਾਨ ’ਚ 1947 ’ਚ ਲਗਭਗ 1300 ਮੰਦਰ ਸਨ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਅੱਜ ਬੰਦ ਜਾਂ ਢਹਿ-ਢੇਰੀ ਹੋਣ ਦੀ ਸਥਿਤੀ ’ਚ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।