ਭਾਰਤ ਦੀ ਕਾਰਵਾਈ ਤੋਂ ਘਬਰਾਇਆ ਪਾਕਿਸਤਾਨ, ਬਾਰਡਰ ''ਤੇ ਹਾਈ ਅਲਰਟ

02/16/2019 9:03:47 PM

ਇਸਲਾਮਾਬਾਦ (ਏਜੰਸੀ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਤੋਂ ਹੀ ਪਾਕਿਸਤਾਨ ਵਿਚ ਵੀ ਅਫਰਾ-ਤਫਰੀ ਦਾ ਮਾਹੌਲ ਹੈ। ਪਾਕਿਸਤਾਨ ਵਲੋਂ ਭਾਵੇਂ ਹਰ ਹਮਲੇ ਵਿਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਹੋਵੇ ਪਰ ਕਿਤੇ ਨਾ ਕਿਤੇ ਉਸ 'ਤੇ ਕੌਮਾਂਤਰੀ ਦਬਾਅ ਵੱਧਦਾ ਜਾ ਰਿਹਾ ਹੈ। ਇਸ ਦਬਾਅ ਦਾ ਨਤੀਜਾ ਹੈ ਕਿ ਪਾਕਿ ਨੇ ਆਪਣੀਆਂ ਫੌਜਾਂ ਨੂੰ ਜੰਮੂ-ਕਸ਼ਮੀਰ ਨਾਲ ਲੱਗਦੀ ਐਲ.ਓ.ਸੀ. ਅਤੇ ਇੰਟਰਨੈਸ਼ਨਲ ਬਾਰਡਰ 'ਤੇ ਹਾਈ ਅਲਰਟ 'ਤੇ ਰੱਖ ਦਿੱਤਾ ਹੈ। ਭਾਰਤ ਵਲੋਂ ਪਾਕਿਸਤਾਨ 'ਤੇ ਦਬਾਅ ਬਣਾਉਣ ਲਈ ਕੌਮਾਂਤਰੀ ਭਾਈਚਾਰੇ ਵਿਚਾਲੇ ਸਾਰੇ ਡਿਪਲੋਮੈਟਿਕ ਕਦਮ ਚੁੱਕੇ ਜਾ ਰਹੇ ਹਨ। ਪਾਕਿ ਹੁਣ ਇਸੇ ਦਬਾਅ ਦੇ ਚੱਲਦੇ ਥੋੜ੍ਹਾ ਪ੍ਰੇਸ਼ਾਨ ਹੋ ਰਿਹਾ ਹੈ। ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਤਕਰੀਬਨ 40 ਜਵਾਨ ਸ਼ਹੀਦ ਹੋ ਗਏ ਅਤੇ ਕੁਝ ਜ਼ਖਮੀ ਹਨ। ਇਸ ਹਮਲੇ ਨੂੰ ਘਾਟੀ ਵਿਚ ਦੋ ਦਹਾਕਿਆਂ ਵਿਚ ਸਭ ਤੋਂ ਖਤਰਨਾਕ ਹਮਲਾ ਮੰਨਿਆ ਗਿਆ।

ਭਾਰਤ ਨੇ ਸ਼ੁੱਕਰਵਾਰ ਨੂੰ ਸਾਫ ਤੌਰ 'ਤੇ ਪੁਲਵਾਮਾ ਹਮਲੇ ਲਈ ਪਾਕਿਸਤਾਨ ਨੂੰ ਦੋਸ਼ੀ ਕਰਾਰ ਦਿੱਤਾ। ਇਸ ਦੇ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਯੂਨਾਈਟਿਡ ਨੇਸ਼ਨਸ ਸਕਿਓਰਿਟੀ ਕੌਂਸਲ ਦੇ ਪੀ5 ਦੇਸ਼ਾਂ ਨਾਲ ਮੁਲਾਕਾਤ ਕਰਨ ਵਿਚ ਲੱਗ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਪਾਕਿਸਤਾਨ ਨੂੰ ਬਦਲੇ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਫੌਜ ਤੈਅ ਕਰੇ ਕਿ ਉਨ੍ਹਾਂ ਨੇ ਇਸ ਹਮਲੇ ਦਾ ਬਦਲਾ ਕਿੰਝ ਲੈਣਾ ਹੈ। ਸਰਕਾਰ ਵਲੋਂ ਫੌਜੀਆਂ ਨੂੰ ਪੂਰੀ ਖੁੱਲ੍ਹ ਦੇ ਦਿੱਤੀ ਗਈ ਹੈ। ਪਾਕਿਸਤਾਨ ਨੇ ਵੀ ਪੀ5 ਦੇਸ਼ਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਅਤੇ ਪੁਲਵਾਮਾ ਹਮਲੇ ਨੂੰ ਭਾਰਤ ਦਾ ਪ੍ਰੋਪੇਗੇਂਡਾ ਦੱਸਿਆ।

ਪਾਕਿ ਦੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆਂ ਨੇ ਪੀ5 ਦੇਸ਼ਾਂ ਅਮਰੀਕਾ, ਚੀਨ, ਰੂਸ, ਬ੍ਰਿਟੇਨ ਅਤੇ ਫਰਾੰਸ ਦੇ ਰਾਜਦੂਤਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਵਲੋਂ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਾਕਿ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਸਬੂਤ ਦੇ ਭਾਰਤ 'ਤੇ ਝੂਠੇ ਇਲਜ਼ਾਮ ਲਗਾ ਰਿਹਾ ਹੈ। ਸ਼ੁੱਕਰਵਾਰ ਨੂੰ ਅਮਰੀਕੀ ਰਾਜਦੂਤ ਪਾਲ ਜੋਨਸ ਨੇ ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੂੰ ਤਲਬ ਕੀਤਾ। ਜੋਨਸ ਨੇ ਤਹਿਮੀਨਾ ਨੂੰ ਆਪਣੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਸਖ਼ਤ ਸੰਦੇਸ਼ ਦੇਣ ਲਈ ਬੁਲਾਇਆ ਸੀ।

ਪਾਕਿਸਤਾਨ ਵਿਚ ਅਮਰੀਕੀ ਸਫਾਰਤਖਾਨੇ ਦੇ ਬੁਲਾਰੇ ਰਿਚਰਡ ਸਨੇਲਸਾਈਰ ਵਲੋਂ ਦੱਸਿਆ ਗਿਆ ਹੈ ਕਿ ਇਹ ਮੁਲਾਕਾਤ ਕਾਫੀ ਜ਼ਰੂਰੀ ਸੀ। ਪਰ ਰਿਚਰਡ ਨੇ ਮੀਟਿੰਗ ਨਾਲ ਜੁੜੀਆਂ ਜਾਣਕਾਰੀਆਂ ਨੂੰ ਸਾਂਝਾ ਕਰਨ ਤੋਂ ਮਨਾਂ ਕਰ ਦਿੱਤਾ। ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ਵਿਚ ਪਾਕਿਸਤਾਨ ਨੂੰ ਅਮਰੀਕਾ ਨੇ ਹਮਲੇ ਤੋਂ ਬਾਅਦ ਹੋਣ ਵਾਲੀਆਂ ਸਥਿਤੀਆਂ ਬਾਰੇ ਸਾਫ-ਸਾਫ ਸੰਦੇਸ਼ ਦੇ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਵਲੋਂ ਵੀ ਇਹੀ ਗੱਲ ਕਹੀ ਗਈ ਹੈ ਅਤੇ ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਪਾਕਿ ਨੂੰ ਦੇਸ਼ ਦੇ ਅੰਦਰ ਮੌਜੂਦ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰਨਾ ਹੋਵੇਗਾ। ਪੋਂਪੀਓ ਨੇ ਵੀ ਟਵੀਟ ਕਰਕੇ ਕਿਹਾ ਹੈ ਕਿ ਭਾਰਤ, ਅੱਤਵਾਦ ਦਾ ਸਾਹਮਣਾ ਕਰ ਰਿਹਾ ਹੈ ਅਤੇ ਪਾਕਿਸਤਾਨ ਵਿਚ ਮੌਜੂਦਾ ਅੱਤਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਕੌਮਾਂਤਰੀ ਭਾਈਚਾਰੇ ਲਈ ਵੱਡਾ ਖਤਰਾ ਹੈ।


Sunny Mehra

Content Editor

Related News