ਇਟਲੀ 'ਚ ਏਅਰਲਾਈਨਜ਼ ਦੀਆਂ ਟਿਕਟਾਂ ਦੀ ਵਧੀ ਕੀਮਤ, ਭਾਰਤੀਆਂ ਲਈ ਦੇਸ਼ ਪਰਤਣਾ ਹੋਇਆ ਔਖਾ

07/03/2022 5:16:31 PM

ਰੋਮ (ਕੈਂਥ): ਕੋਵਿਡ-19 ਦਾ ਝੰਬਿਆ ਇਟਲੀ ਹਾਲੇ ਤੱਕ ਆਪਣੇ ਪੈਰਾਂ 'ਤੇ ਨਹੀਂ ਆ ਰਿਹਾ। ਖਾਣ-ਪੀਣ ਦੀਆਂ ਚੀਜਾਂ ਵਿੱਚ ਹੋਇਆ ਚੋਖਾ ਵਾਧਾ ਵੀ ਪ੍ਰਵਾਸੀਆਂ ਦੇ ਨਾਲ ਇਟਾਲੀਅਨ ਲੋਕਾਂ ਨੂੰ ਮੱਥੇ 'ਤੇ ਹੱਥ ਮਾਰਨ ਨੂੰ ਮਜ਼ਬੂਰ ਕਰਦਾ ਹੈ ਹੋਰ ਤਾਂ ਹੋਰ ਅੱਜ ਕਲ੍ਹ ਇਟਲੀ ਤੋਂ ਭਾਰਤ ਜਾਣ-ਆਉਣ ਲਈ ਵੀ ਏਅਰ ਲਾਈਨਾਂ ਦੀਆਂ ਟਿਕਟਾਂ ਦੇ ਭਾਅ ਅਸਮਾਨ ਨੂੰ ਚੜ੍ਹੇ ਹੋਏ ਹਨ, ਜਿਸ ਕਾਰਨ ਭਾਰਤੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਕੀ ਕੀਤਾ ਜਾਵੇ।ਇਸ ਸਮੇਂ ਵੀ ਇਟਲੀ ਵਿੱਚ ਕੋਵਿਡ-19 ਦੇ ਨਵੇਂ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ ਤੇ ਇਹ ਨਾਮੁਰਾਦ ਬਿਮਾਰੀ ਇਟਲੀ ਦੀਆਂ 168484 ਜ਼ਿੰਦਗੀਆਂ ਦਾ ਦੀਵਾ ਸਦਾ ਲਈ ਗੁੱਲ ਕਰ ਚੁੱਕੀ ਹੈ।ਪ੍ਰਵਾਸੀਆਂ ਨੂੰ ਵੀ ਇਟਲੀ ਵਿੱਚ ਕੰਮਾਂਕਾਰਾਂ ਨੂੰ ਲੈਕੇ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਬੇਸ਼ਕ ਕਿ ਇਟਲੀ ਸਰਕਾਰ ਨੇ ਆਪਣੇ ਦੇਸ਼ ਦੇ ਬਾਸਿੰਦਿਆਂ ਨੂੰ ਕਈ ਤਰ੍ਹਾਂ ਦੇ ਬੋਨਸ ਵੀ ਦਿੱਤੇ ਪਰ ਮਹਿੰਗਾਈ ਦੀ ਮਾਰ ਅੱਗੇ ਸਭ ਢਿੱਲਾ ਜਿਹਾ ਪੈ ਰਿਹਾ ਹੈ।

ਇਟਲੀ ਦੇ ਭਾਰਤੀ ਜੁਲਾਈ ਅਗਸਤ ਵਿੱਚ ਕੰਮਕਾਰ ਘੱਟਣ ਕਾਰਨ ਆਪਣੇ ਸਾਕ ਸੰਬਧੀਆਂ ਨੂੰ ਮਿਲਣ ਲਈ ਭਾਰਤ ਜਾਣ ਦਾ ਪ੍ਰੋਗਰਾਮ ਬਣਾ ਰਹੇ ਹਨ ਪਰ ਏਅਰਲਾਈਨ ਦੀਆਂ ਟਿਕਟਾਂ ਦੇ ਭਾਅ ਕਾਰਨ ਉਹਨਾਂ ਨੂੰ ਆਪਣਾ ਭਾਰਤ ਜਾਣ ਦਾ ਪ੍ਰੋਗਰਾਮ ਬਦਲਣਾ ਪੈ ਰਿਹਾ ਹੈ।ਇਸ ਸਮੇਂ ਏਅਰਲਾਈਨ ਦੀ ਇੱਕ ਪਾਸੇ ਦੀ ਟਿਕਟ ਰੋਮ-ਅੰਮ੍ਰਿਤਸਰ 500 ਯੂਰੋ ਤੋਂ ਉਪੱਰ ਹੈ ਤੇ ਜੇ ਕਿਸੇ ਪਰਿਵਾਰ ਨੇ ਆਉਣ ਜਾਣ ਦੀ ਟਿਕਟ ਕਰਵਾਉਣੀ ਹੈ ਤਾਂ ਕਰੀਬ 1000 ਯੂਰੋ ਪ੍ਰਤੀ ਟਿਕਟ ਮਿਲ ਰਹੀ ਹੈ।ਪਰਿਵਾਰ ਵਿੱਚ 4 ਜੀਆਂ ਦਾ ਹੋਣਾ ਆਮ ਜਿਹਾ ਹੈ ਤੇ ਇਸ ਹਿਸਾਬ ਨਾਲ 4000 ਯੂਰੋ ਸਿਰਫ਼ ਟਿਕਟਾਂ 'ਤੇ ਹੀ ਖਰਚ ਹੋ ਰਿਹਾ ਹੈ। ਇਸ ਤੋਂ ਇਲਾਵਾ ਬਾਕੀ ਖਰਚੇ ਜਿਸ ਬਾਬਤ ਸੋਚ ਕੇ ਹੀ ਬਹੁਤੇ ਭਾਰਤੀ ਵਿਚਾਰੇ ਆਪਣਾ ਭਾਰਤ ਜਾਣ ਦਾ ਪ੍ਰੋਗਰਾਮ ਰੱਦ ਕਰਨ ਲਈ ਬੇਵੱਸ ਤੇ ਮਜ਼ਬੂਰ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੀ 'ਨਾਗਰਿਕਤਾ' ਹਾਸਲ ਕਰਨ ਵਾਲਿਆਂ 'ਚ ਦੂਜੇ ਸਥਾਨ 'ਤੇ ਭਾਰਤੀ 

ਦਿੱਲੀ ਦੀ ਟਿਕਟ ਬੇਸ਼ੱਕ ਥੋੜ੍ਹਾ ਸਸਤੀ ਮਿਲ ਜਾਵੇ ਪਰ ਦਿੱਲੀ ਤੋਂ ਪੰਜਾਬ ਜਾਣ ਦੀ ਖੱਜ਼ਲ ਖੁਆਰੀ ਤੋਂ ਬਹੁਤੇ ਪ੍ਰਵਾਸੀ ਭਾਰਤੀ ਕਤਰਾਉਂਦੇ ਹਨ।ਇੱਕ ਤਾਂ ਕੋਵਿਡ-19 ਕਾਰਨ ਪਹਿਲਾਂ ਹੀ ਮਹਿੰਗਾਈ ਨੇ ਲੋਕਾਂ ਦੀ ਜ਼ਿੰਦਗੀ ਦਾ ਸਕੂਨ ਲਾਪਤਾ ਕਰ ਦਿੱਤਾ ਹੈ ਦੂਜਾ ਹੁਣ ਏਅਰ ਲਾਈਨਾਂ ਦੀਆਂ ਟਿਕਟਾਂ ਲੋਕਾਂ ਨੂੰ ਆਪਣੇ ਸਾਕ ਸੰਬਧੀਆਂ ਨੂੰ ਮਿਲਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ।ਪਿਛਲੇ ਕਈ ਦਿਨਾਂ ਤੋਂ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵੀ ਕਾਫੀ ਇਜਾਫ਼ਾ ਹੋਇਆ ਹੈ।ਡੀਜ਼ਲ 2 ਯੂਰੋ ਤੋਂ ਉਪੱਰ ਹੋਣ ਕਾਰਨ ਲੋਕ ਘੁੰਮਣ-ਘੁੰਮਾਉਣ ਤੋਂ ਵੀ ਗੁਰੇਜ ਕਰਦੀ ਨਜ਼ਰੀ ਆ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News