ਆਸਟ੍ਰੇਲੀਆ : ਵਿਅਕਤੀ ਨੇ ਜਾਨ 'ਤੇ ਖੇਡ ਕੇ ਬਚਾਈ ਗੁਆਂਢੀਆਂ ਦੀ ਜਾਨ

Sunday, Aug 18, 2019 - 03:34 PM (IST)

ਆਸਟ੍ਰੇਲੀਆ : ਵਿਅਕਤੀ ਨੇ ਜਾਨ 'ਤੇ ਖੇਡ ਕੇ ਬਚਾਈ ਗੁਆਂਢੀਆਂ ਦੀ ਜਾਨ

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਇਕ ਵਿਅਕਤੀ ਨੂੰ ਲੋਕ ਹੀਰੋ ਕਹਿਣ ਲੱਗ ਗਏ ਹਨ। ਕਹਿਣ ਵੀ ਕਿਉਂ ਨਾ ਉਸ ਨੇ ਆਪਣੀ ਜਾਨ 'ਤੇ ਖੇਡ ਕੇ ਇਕ ਪਰਿਵਾਰ ਨੂੰ ਅੱਗ 'ਚ ਸੜਨ ਤੋਂ ਬਚਾਇਆ ਹੈ ਤੇ ਇਹ ਕੰਮ ਹੀਰੋ ਵਾਲਾ ਹੀ ਹੈ। ਅਸਲ 'ਚ ਨਿਊਕੈਸਲ ਦੇ ਇਕ ਘਰ 'ਚ ਭਿਆਨਕ ਅੱਗ ਲੱਗ ਗਈ ਅਤੇ ਇਕ ਪਰਿਵਾਰ ਦੇ 3 ਮੈਂਬਰ ਘਰ ਅੰਦਰ ਫਸ ਗਏ। ਪਰਿਵਾਰ ਨੂੰ ਸੁੱਝ ਨਹੀਂ ਰਿਹਾ ਸੀ ਕਿ ਉਹ ਬਾਹਰ ਕਿਵੇਂ ਨਿਕਲਣ। ਉਨ੍ਹਾਂ ਲਈ ਫਰਿਸ਼ਤਾ ਬਣ ਕੇ ਗਲੇਨ ਓ ਡੈੱਲ ਨਾਂ ਦਾ ਵਿਅਕਤੀ ਆਇਆ, ਜੋ ਉਨ੍ਹਾਂ ਦਾ ਗੁਆਂਢੀ ਹੈ।

ਇਹ ਘਟਨਾ ਸ਼ਨੀਵਾਰ ਰਾਤ 11 ਕੁ ਵਜੇ ਵਾਪਰੀ। ਉਨ੍ਹਾਂ ਕਿਹਾ ਕਿ ਘਰ ਨੂੰ ਅੱਗ ਲੱਗਣ 'ਤੇ ਸਭ ਚੀਕਾਂ ਮਾਰਨ ਲੱਗ ਗਏ ਪਰ ਗਲੇਨ ਨੇ ਬਿਨਾਂ ਘਬਰਾਏ ਖਿੜਕੀਆਂ ਤੇ ਦਰਵਾਜ਼ਿਆਂ 'ਚ ਲੱਤਾਂ ਮਾਰ ਕੇ ਘਰ 'ਚ ਫਸੇ ਵਿਅਕਤੀ, ਉਸ ਦੀ ਪਤਨੀ ਤੇ ਉਨ੍ਹਾਂ ਦੀ ਧੀ ਦੀ ਜਾਨ ਬਚਾਈ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਦੀ ਆਵਾਜ਼ ਸੁਣੀ ਤੇ ਉਹ ਉਸ ਰਸਤਿਓਂ ਬਾਹਰ ਨਿਕਲਣ 'ਚ ਕਾਮਯਾਬ ਰਹੇ। ਉਨ੍ਹਾਂ ਕਿਹਾ ਕਿ ਜੇਕਰ ਉਹ ਦਰਵਾਜ਼ੇ-ਖਿੜਕੀਆਂ ਤੋੜ ਕੇ ਉਨ੍ਹਾਂ ਨੂੰ ਬਾਹਰ ਨਾ ਕੱਢਦਾ ਤਾਂ ਸ਼ਾਇਦ ਉਹ ਬਚ ਨਾ ਪਾਉਂਦੇ। ਫਾਇਰ ਫਾਈਟਰਜ਼ ਨੇ ਲਗਭਗ 2 ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਉਣ 'ਚ ਸਫਲਤਾ ਹਾਸਲ ਕੀਤੀ। ਐਮਰਜੈਂਸੀ ਸੇਵਾਵਾਂ ਦੇ ਰਹੇ ਅਧਿਕਾਰੀਆਂ ਨੇ ਵੀ ਵਿਅਕਤੀ ਦੀ ਬਹਾਦਰੀ ਦੀ ਸਿਫਤ ਕੀਤੀ। ਘਰ 'ਚ ਅੱਗ ਕਿਵੇਂ ਲੱਗੀ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।


Related News