ਇਟਲੀ ਦੇ ਉੱਤਰੀ ਇਲਾਕੇ ਵਿੱਚ 100 ਸਾਲ ਬਾਅਦ ਪਈ ਅਜਿਹੀ ਗਰਮੀ
Wednesday, Jun 26, 2019 - 07:51 AM (IST)

ਰੋਮ, (ਕੈਂਥ)— ਕਦੇ ਉਹ ਦਿਨ ਵੀ ਹੁੰਦੇ ਸਨ ਜਦੋਂ ਲੋਕਾਂ ਦੀ ਇਹ ਧਾਰਨਾ ਸੀ ਕਿ ਏਸ਼ੀਅਨ ਅਤੇ ਅਰਬ ਦੇਸ਼ਾਂ ਦੇ ਮੁਕਾਬਲੇ ਯੂਰਪੀਅਨ ਦੇਸ਼ ਬਹੁਤ ਜ਼ਿਆਦਾ ਠੰਡੇ ਹਨ ਪਰ ਹੌਲੀ-ਹੌਲੀ ਵਾਤਾਵਰਣ ਦੀ ਅਸ਼ੁੱਧਤਾ ਕਾਰਨ ਇੱਥੇ ਵੀ ਅੱਤ ਦੀ ਗਰਮੀ ਪੈ ਰਹੀ ਹੈ। ਸੂਰਜ ਦੇਵਤਾ ਦੇ ਪ੍ਰਕੋਪ ਕਾਰਨ ਇਟਾਲੀਅਨ ਲੋਕ ਗਰਮੀ ਵਿੱਚ ਹਾਲੋ ਬੇ-ਹਾਲ ਹਨ । ਇੱਥੋਂ ਦੇ ਉੱਤਰੀ ਇਲਾਕੇ 'ਚ 100 ਸਾਲ ਬਾਅਦ ਅਜਿਹੀ ਗਰਮੀ ਪਈ ਹੈ। ਚਾਹੇ ਇਟਲੀ ਦੇ ਕਈ ਇਲਾਕਿਆਂ ਵਿੱਚ ਮੌਸਮ ਖਰਾਬ ਵੀ ਹੈ ਪਰ ਫਿਰ ਵੀ ਸਰਦ ਰੁੱਤ ਤੋਂ ਬਾਅਦ ਪੈ ਰਹੀ ਗਰਮੀ ਕਾਰਨ ਲੋਕਾਂ ਨੂੰ ਤਪਸ਼ ਲੱਗ ਰਹੀ ਹੈ।
ਇਨ੍ਹਾਂ ਇਲਾਕਿਆਂ 'ਚ ਚੜ੍ਹਿਆ ਪਾਰਾ—
ਇਟਲੀ ਦੇ ਮੌਸਮ ਵਿਭਾਗ ਅਨੁਸਾਰ ਇਸ ਹਫ਼ਤੇ ਅਲਸਾਂਦਰੀਆ ਵਿੱਚ 43 ਡਿਗਰੀ ਅਤੇ ਮਿਲਾਨ ਵਿੱਚ 40 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਰੋਮ ਵਿੱਚ ਪਾਰਾ 38-39 ਡਿਗਰੀ ਤੱਕ ਚੜ੍ਹੇਗਾ ਅਤੇ ਰਾਤ ਸਮੇਂ ਇਲਾਕੇ ਵਿੱਚ ਪਾਰਾ ਥੋੜ੍ਹਾ ਹੀ ਹੇਠਾਂ ਆਵੇਗਾ।
ਇਸ ਤੋਂ ਇਲਾਵਾ ਇਟਲੀ ਦੇ ਹੋਰ ਖੇਤਰਾਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਗਰਮੀ ਵੱਧ ਸਕਦੀ ਹੈ। ਵਿਭਾਗ ਅਨੁਸਾਰ ਜ਼ਿਆਦਾ ਗਰਮੀ ਇਟਲੀ ਦੇ ਮੱਧ ਅਤੇ ਉੱਤਰ ਵਿੱਚ ਪੈ ਰਹੀ ਹੈ ਜਦੋਂ ਕਿ ਦੱਖਣ 'ਚ ਦੁਰਲਭ ਤੂਫਾਨ ਆਉਣ ਦਾ ਖਦਸ਼ਾ ਹੈ । ਹਾਲਾਂਕਿ ਕਈ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਤੱਕ ਹੋ ਸਕਦਾ ਹੈ। ਗਰਮੀ ਦਾ ਜ਼ਿਆਦਾ ਪ੍ਰਕੋਪ ਇਟਲੀ ਦੇ ਸੂਬੇ ਲੰਬਾਰਦੀਆ, ਵੇਨੇਤੋ, ਇਮਿਲਿਆ ਰੋਮਾਨਾ ਅਤੇ ਪੀਡਮੌਂਤ ਵਿਖੇ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਇਨ੍ਹਾਂ ਇਲਾਕਿਆਂ ਦੇ ਲੋਕ ਗਰਮੀ ਤੋਂ ਨਿਜਾਤ ਪਾਉਣ ਲਈ ਕਈ ਤਰ੍ਹਾਂ ਦੇ ਪਾਪੜ ਵੇਲ ਰਹੇ ਹਨ।