ਆਸਟ੍ਰੇਲੀਆ : ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪ੍ਰਵਾਸੀਆਂ ''ਚ ਖੁਸ਼ੀ ਦੀ ਲਹਿਰ
Friday, Aug 06, 2021 - 12:24 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਭਰ ਵਿੱਚ ਵੱਸਦੇ ਪੰਜਾਬੀਆਂ ਦੇ ਖੇਡ ਕਲੱਬਾਂ, ਧਾਰਮਿਕ, ਰਾਜਨੀਤਕ ਤੇ ਸਾਹਿਤਕ ਸੰਸਥਾਵਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਭਾਰਤ ਦੀ ਪੁਰਸ਼ ਹਾਕੀ ਟੀਮ ਨੂੰ ਓਲੰਪਿਕ ਖੇਡਾਂ ਦੌਰਾਨ ਕਾਂਸੀ ਦਾ ਤਗਮਾ ਜਿੱਤਣ 'ਤੇ ਖੁਸ਼ੀ ਇਜ਼ਹਾਰ ਕਰਦਿਆਂ ਟੀਮ ਨੂੰ ਵਧਾਈ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਹ ਇਤਿਹਾਸਕ ਜਿੱਤ ਭਾਰਤੀਆਂ ਲਈ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਨ ਵਾਲੀ ਹੈ ਕਿਉਂਕਿ 1980 ਦੀ ਮਾਸਕੋ ਓਲੰਪਿਕ ਵਿਚ ਸੋਨ ਤਗਮੇ ਜਿੱਤਣ ਤੋਂ ਮਗਰੋਂ 41 ਸਾਲਾਂ ਬਾਅਦ, ਭਾਰਤ ਹਾਕੀ ਟੀਮ ਨੇ ਕਾਂਸੀ ਤਗਮਾ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਕਾਂਸੀ ਦਾ ਤਗਮਾ ਵੀ ਸੋਨੇ ਵਰਗਾ ਹੈ।
ਉਨ੍ਹਾਂ ਕਿਹਾ ਕਿ ਪੂਰੀ ਟੀਮ ਅਤੇ ਪੰਜਾਬੀ ਖਿਡਾਰੀਆਂ 'ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਵੱਲੋਂ ਮੈਚ ਵਿਚ ਸਾਰੇ ਗੋਲ ਪੰਜਾਬੀ ਖਿਡਾਰੀਆਂ ਸਿਮਰਨਜੀਤ ਸਿੰਘ (17ਵੇਂ ਅਤੇ 34ਵੇਂ), ਹਾਰਦਿਕ ਸਿੰਘ (27ਵੇਂ), ਹਰਮਨਪ੍ਰੀਤ ਸਿੰਘ (29ਵੇਂ) ਅਤੇ ਰੁਪਿੰਦਰ ਪਾਲ ਸਿੰਘ (31ਵੇਂ) ਨੇ ਗੋਲ ਕੀਤੇ।ਆਖਰੀ ਪਲਾਂ ਵਿੱਚ ਜਿਵੇਂ ਹੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਤਿੰਨ ਵਾਰ ਦੀ ਚੈਂਪੀਅਨ ਜਰਮਨੀ ਦੀ ਪੈਨਲਟੀ ਨੂੰ ਰੋਕਿਆ, ਭਾਰਤੀ ਖਿਡਾਰੀਆਂ ਦੇ ਨਾਲ ਟੀਵੀ 'ਤੇ ਇਹ ਇਤਿਹਾਸਕ ਮੈਚ ਵੇਖ ਰਹੇ ਕਰੋੜਾਂ ਭਾਰਤੀਆਂ ਦੀਆਂ ਅੱਖਾਂ ਖੁਸ਼ੀ ਵਿੱਚ ਨਮ ਹੋ ਗਈਆਂ।
ਪੜ੍ਹੋ ਇਹ ਅਹਿਮ ਖਬਰ-ਆਸਟ੍ਰੇਲੀਆ 'ਚ 'ਡੈਲਟਾ' ਵੈਰੀਐਂਟ ਦਾ ਪ੍ਰਕੋਪ, ਮਾਮਲਿਆਂ 'ਚ ਵਾਧਾ ਜਾਰੀ
ਇਸ ਮੈਚ ਵਿਚ ਭਾਰਤ ਨੇ ਜਰਮਨੀ ਤੋਂ ਪਛੜਨ ਦੇ ਬਾਵਜੂਦ 5-4 ਨਾਲ ਹਰਾ ਦਿੱਤਾ। ਪ੍ਰਵਾਸੀ ਪੰਜਾਬੀਆਂ ਵਲੋਂ ਵੱਖ-ਵੱਖ ਖੇਡਾਂ ਵਿੱਚ ਤਗਮਾ ਜੇਤੂ ਖਿਡਾਰੀਆਂ ਅਤੇ ਮਹਿਲਾ ਹਾਕੀ ਟੀਮ ਵਲੋਂ ਓਲੰਪਿਕ ਵਿੱਚ ਕੀਤੇ ਗਏ ਬੇਹਤਰੀਨ ਪ੍ਰਦਰਸ਼ਨ ਲਈ ਵੀ ਵਧਾਈਆਂ ਦਿੱਤੀਆਂ ਹਨ।ਪ੍ਰਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਇਸ ਇਤਿਹਾਸਕ ਜਿੱਤ ਨਾਲ ਪੁਰਾਤਨ ਸਮਾਂ ਯਾਦ ਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਖੇਡਾਂ ਦਾ ਬਜਟ ਵਧਾਇਆ ਜਾਵੇ ਅਤੇ ਹਾਕੀ ਨੂੰ ਹੋਰ ਉਤਸ਼ਾਹਿਤ ਤੇ ਪ੍ਰਫੁਲਿਤ ਕਰਨ ਦੇ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਆਧੁਨਿਕ ਸਹੂਲਤਾਂ ਨਾਲ ਵਿਕਸਿਤ ਕਰਨ ਦੀ ਜ਼ਰੂਰਤ ਹੈ, ਤਾਂ ਜੋ ਦੇਸ਼ ਦੇ ਉਭਰਦੇ ਖਿਡਾਰੀ ਆਪਣੇ ਸਰਵ-ਉਤੱਮ ਪ੍ਰਦਰਸ਼ਨ ਨਾਲ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।