ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਭਾਰਤ ਨੂੰ ਕੀਤੀ ਇਹ ਅਪੀਲ
Saturday, Mar 21, 2020 - 12:11 PM (IST)

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਨੇ ਸਾਰੇ ਦੇਸ਼ਾਂ ਨੂੰ ਮੌਤ ਦੀ ਸਜ਼ਾ ਦੀ ਵਰਤੋਂ ਰੋਕਣ ਜਾਂ ਇਸ 'ਤੇ ਪਾਬੰਦੀ ਲਾਉਣ ਦੀ ਅਪੀਲ ਕੀਤੀ ਹੈ। ਨਿਰਭਯਾ ਸਮੂਹਿਕ ਬਲਾਤਕਾਰ ਤੇ ਕਤਲਕਾਂਡ ਮਾਮਲੇ ਦੇ ਚਾਰ ਦੋਸ਼ੀਆਂ ਨੂੰ ਭਾਰਤ ਵਿਚ ਫਾਂਸੀ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਇਹ ਅਪੀਲ ਕੀਤੀ ਗਈ ਹੈ।
ਇਸ ਰੂਹ ਕੰਬਾਊ ਸਮੂਹਿਕ ਬਲਾਤਕਾਰ ਤੇ ਕਤਲਕਾਂਡ ਦੇ ਸੱਤ ਸਾਲ ਬੀਤ ਜਾਣ ਤੋਂ ਬਾਅਦ ਮਾਮਲੇ ਦੇ ਚਾਰ ਦੋਸ਼ੀਆਂ ਮੁਕੇਸ਼ ਸਿੰਘ (32), ਪਵਨ ਗੁਪਤਾ (25), ਵਿਨੈ ਸ਼ਰਮਾ (26) ਤੇ ਅਕਸ਼ੈ ਕੁਮਾਰ ਸਿੰਘ (31) ਨੂੰ ਨਵੀਂ ਦਿੱਲੀ ਦੀ ਤਿਹਾੜ ਜੇਲ ਵਿਚ ਸ਼ੁੱਕਰਵਾਰ ਸਵੇਰੇ ਸਾਢੇ ਪੰਜ ਵਜੇ ਫਾਂਸੀ ਦੇ ਦਿੱਤੀ ਗਈ ਸੀ। ਫਾਂਸੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਦੇ ਬੁਲਾਰੇ ਸਟਿਫਨ ਦੁਜਾਰਿਕ ਨੇ ਕਿਹਾ ਕਿ ਗਲੋਬਲ ਸੰਗਠਨ ਸਾਰੇ ਦੇਸ਼ਾਂ ਨੂੰ ਮੌਤ ਦੀ ਸਜ਼ਾ ਦੀ ਵਰਤੋਂ ਬੰਦ ਕਰਨ ਜਾਂ ਇਸ 'ਤੇ ਪਾਬੰਦੀ ਲਾਉਣ ਦੀ ਅਪੀਲ ਕਰਦਾ ਹੈ। ਦੁਜਾਰਿਕ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਸਾਡਾ ਰੁਖ ਸਪੱਸ਼ਟ ਹੈ ਕਿ ਅਸੀਂ ਸਾਰੇ ਰਾਸ਼ਟਰਾਂ ਨੂੰ ਮੌਤ ਦੀ ਸਜ਼ਾ ਦੀ ਵਰਤੋਂ ਬੰਦ ਕਰਨ ਜਾਂ ਇਸ 'ਤੇ ਪਾਬੰਦੀ ਲਾਉਣ ਦਾ ਸੱਦਾ ਦਿੰਦੇ ਹਾਂ।
ਦੇਸ਼ ਨੂੰ ਹਿਲਾ ਕੇ ਰੱਖਣ ਦੇਣ ਵਾਲੇ 16 ਦਸੰਬਰ 2012 ਦੇ ਭਿਆਨਕ ਬਲਾਤਕਾਰ ਤੇ ਕਤਲਕਾਂਡ ਨੇ ਦੇਸ਼ਭਰ ਵਿਚ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਇਹ ਪਹਿਲੀ ਵਾਰ ਸੀ ਜਦੋਂ ਚਾਰ ਲੋਕਾਂ ਨੂੰ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਜੇਲ ਕੰਪਲੈਕਸ, ਤਿਹਾੜ ਵਿਚ ਇਕੱਠਿਆਂ ਫਾਂਸੀ ਦਿੱਤੀ ਗਈ।