ਟੈਕਸਾਸ ਸਰਹੱਦ ’ਤੇ ਜੁਟੇ ਹੈਤੀ ਦੇ ਸ਼ਰਨਾਰਥੀ, ਅਮਰੀਕਾ ਦੀ ਵਾਪਸ ਭੇਜਣ ਦੀ ਯੋਜਨਾ
Sunday, Sep 19, 2021 - 02:40 PM (IST)
ਡੇਲ ਰਿਓ/ਅਮਰੀਕਾ (ਭਾਸ਼ਾ) : ਹੈਤੀ ਵਿਚ ਗ਼ਰੀਬੀ, ਭੁੱਖਮਰੀ ਅਤੇ ਨਿਰਾਸ਼ਾ ਦੀ ਭਾਵਨਾ ਤੋਂ ਭੱਜ ਕੇ ਆ ਰਹੇ ਸ਼ਰਨਾਰਥੀਆਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨੂੰ ਤੇਜ਼ੀ ਨਾਲ ਵਾਪਸ ਭੇਜਣ ਦੀ ਅਮਰੀਕਾ ਦੀ ਯੋਜਨਾ ਤੋਂ ਡਰਨਗੇ ਨਹੀਂ। ਮੈਕਸੀਕੋ ਦੀ ਸਰਹੱਦ ਪਾਰ ਕਰਨ ਦੇ ਬਾਅਦ ਹਜ਼ਾਰਾਂ ਲੋਕ ਸ਼ਨੀਵਾਰ ਨੂੰ ਟੈਕਸਾਸ ਸਰਹੱਦ ’ਤੇ ਸਥਿਤ ਡੇਲ ਰਿਓ ਸ਼ਹਿਰ ਵਿਚ ਡਟੇ ਰਹੇ। ਉਹ ਪਾਣੀ, ਭੋਜਨ ਅਤੇ ਡਾਇਪਰ ਖ਼ਰੀਦਣ ਲਈ ਸ਼ਨੀਵਾਰ ਦੁਪਹਿਰ ਨੂੰ ਫਿਰ ਤੋਂ ਮੈਕਸੀਕੋ ਗਏ ਅਤੇ ਵਾਪਸ ਆ ਗਏ। ਹੈਤੀ ਦੇ 32 ਸਾਲਾ ਜੂਨੀਅਰ ਜੀਨ ਨੇ ਕਿਹਾ, ‘ਅਸੀਂ ਇਕ ਬਿਹਤਰ ਜ਼ਿੰਦਗੀ ਦੀ ਭਾਲ ਕਰ ਰਹੇ ਹਾਂ।’
ਗ੍ਰਹਿ ਸੁਰੱਖਿਆ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਕੈਂਪ ਤੋਂ ਕਰੀਬ 2000 ਸ਼ਰਨਾਰਥੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਣ ਲਈ ਸ਼ੁੱਕਰਵਾਰ ਨੂੰ ਹੋਰ ਸਥਾਨਾਂ ’ਤੇ ਪਹੁੰਚਾਇਆ। ਉਸ ਨੇ ਇਕ ਬਿਆਨ ਵਿਚ ਇਹ ਵੀ ਕਿਹਾ ਕਿ ਸੋਮਵਾਰ ਸਵੇਰ ਤੱਕ ਇਲਾਕੇ ਵਿਚ 400 ਏਜੰਟ ਅਤੇ ਅਧਿਕਾਰੀ ਮੌਜੂਦ ਹੋਣਗੇ ਅਤੇ ਜੇਕਰ ਜ਼ਰੂਰਤ ਪਈ ਤਾਂ ਹੋਰ ਏਜੰਟ ਭੇਜੇ ਜਾਣਗੇ। ਡੇਲ ਰਿਓ ਵਿਚ ਅਚਾਨਕ ਹੈਤੀ ਦੇ ਨਾਗਰਿਕਾਂ ਦੇ ਪਹੁੰਚਣ ਦੇ ਬਾਅਦ ਇਹ ਐਲਾਨ ਕੀਤਾ ਗਿਆ। ਅਮਰੀਕਾ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਮਰੀਕਾ ਇਕ ਦਿਨ ਵਿਚ 5 ਤੋਂ 8 ਉਡਾਣਾਂ ’ਤੇ ਸ਼ਰਨਾਰਥੀਆਂ ਨੂੰ ਦੇਸ਼ ਵਿਚੋਂ ਬਾਹਰ ਭੇਜਣਗੇ। ਇਹ ਉਡਾਣਾਂ ਐਤਵਾਰ ਤੋਂ ਸ਼ੁਰੂ ਹੋਣਗੀਆਂ, ਜਦੋਂਕਿ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਹਰ ਕਿਸੇ ਦੀ ਕੋਵਿਡ-19 ਲਈ ਜਾਂਚ ਕੀਤੀ ਜਾਏਗੀ। ਇਕ ਅਧਿਕਾਰੀ ਨੇ ਦੱਸਿਆ ਕਿ ਉਡਾਣਾਂ ਦੀ ਸੰਖਿਆ ਇਸ ’ਤੇ ਨਿਰਭਰ ਕਰੇਗੀ ਕਿ ਹੈਤੀ ਕਿੰਨੇ ਲੋਕਾਂ ਨੂੰ ਵਾਪਸ ਸੱਦਣਾ ਚਾਹੁੰਦਾ ਹੈ।