ਪ੍ਰਿਅੰਕਾ ਚੋਪੜਾ ਸਮੇਤ ਕਈ ਵੱਡੀਆਂ ਹਸਤੀਆਂ ਦਾ ਨਿੱਜੀ ਡਾਟਾ ਹੈਕਰਜ਼ ਨੇ ਕੀਤਾ ਚੋਰੀ, ਮੰਗੀ ਫਿਰੌਤੀ
Wednesday, May 13, 2020 - 01:52 AM (IST)
ਲਾਸ ਏਂਜਲਸ (ਅਨਸ)— ਅਮਰੀਕਾ ਦੀ ਇਕ ਨਾਮੀ ਮੀਡੀਆ ਅਤੇ ਮਨੋਰੰਜਨ ਫਰਮ ਤੋਂ ਪ੍ਰਿਅੰਕਾ ਚੋਪੜਾ, ਲੇਡੀ ਗਾਗਾ, ਨਿੱਕੀ ਮਿਨਾਜ, ਬਰੂਸ ਪ੍ਰਿੰਗਸਟੀਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਦੇ ਨਿੱਜੀ ਡਾਟਾ ਹੈਕਰਜ਼ ਨੇ ਚੋਰੀ ਕਰ ਲਿਆ ਹੈ। ਹੈਕਰਜ਼ ਨੇ ਰਿਵੀਲ ਮਾਲਵੇਅਰ ਇਸਤੇਮਾਲ ਕਰ ਕੇ ਬਦਲੇ ਵਿਚ ਫਿਰੌਤੀ ਮੰਗੀ ਹੈ। ਇਕ ਰਿਪੋਰਟ ਮੁਤਾਬਕ ਨਿਊਯਾਰਕ ਸਥਿਤ ਇਸ ਫਰਮ ਤੋਂ ਹੈਕਰਜ਼ ਨੇ ਕੁੱਲ 756 ਜੀ. ਬੀ. ਡਾਟਾ ਚੋਰੀ ਕੀਤਾ ਹੈ, ਜਿਸ ਵਿਚ ਸੰਪਰਕ, ਗੁਪਤ ਸਮਝੌਤੇ, ਫੋਨ ਨੰਬਰ, ਈ-ਮੇਲ, ਪਤੇ ਅਤੇ ਨਿੱਜੀ ਗੱਲਬਾਤ ਸ਼ਾਮਲ ਹਨ। ਇਸ ਲਾਅ ਫਾਰਮ ਦਾ ਨਾਮ ਗ੍ਰਬਮੈਨ ਸ਼ਾਇਰ ਮੀਸੇਲਸ ਐਂਡ ਸੈਕਸ ਹੈ, ਜਿਸ ਨੂੰ ਜੀ. ਐੱਸ. ਐੱਮ. ਲਾਅ ਡਾਟ ਕਾਮ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।
ਹੋਰ ਜਿਨ੍ਹਾਂ ਮਸ਼ਹੂਰ ਹਸਤੀਆਂ ਦੇ ਨਿੱਜੀ ਡਾਟਾ ਦੀ ਚੋਰੀ ਹੋਈ ਹੈ, ਉਨ੍ਹਾਂ ਵਿਚ ਕ੍ਰਿਸਟੀਨਾ ਆਗੁਇਲੇਰਾ, ਮਾਰੀਆ ਕੈਰੀ, ਜੇਸਿਕਾ ਸਿੰਪਸਨ, ਨਾਓਮੀ ਕੈਂਪਬੇਲ, ਰਾਬਰਟ ਡੀ. ਨੀਰੋ, ਸੋਫੀਆ ਵੇਰਗਾਰਾ, ਸਪਾਈਕ ਲੀ ਸਮੇਤ ਕਈ ਹੋਰ ਸ਼ਾਮਲ ਹਨ।
ਡਿਸਕਵਰੀ, ਫੇਸਬੁੱਕ, ਸੈਮਸੰਗ ਕੰਪਨੀਆਂ ਇਸ ਫਰਮ ਦੀਆਂ ਕਲਾਇੰਟ
ਇਸ ਕਾਨੂੰਨੀ ਫਰਮ ਦੇ ਕਲਾਇੰਟ ਜਾਂ ਗਾਹਕਾਂ ਦੀ ਸੂਚੀ ਵਿਚ ਡਿਸਕਵਰੀ, ਈ. ਐੱਮ. ਆਈ. ਮਿਊਜ਼ਿਕ ਗਰੁੱਪ, ਫੇਸਬੁੱਕ, ਐੱਚ. ਬੀ. ਓ., ਆਈਮੈਕਸ, ਐੱਮ. ਟੀ. ਵੀ., ਪਲੇਅ ਬੁਆਏ ਇੰਟਰਪਰਾਈਜ਼, ਸੈਮਸੰਗ ਇਲੈਕਟ੍ਰਾਨਿਕ, ਸੋਨੀ ਕਾਪਰ, ਟ੍ਰਿਬੇਕਾ ਫਿਲਮ ਫੈਸਟੀਵਲ, ਯੂਨੀਵਰਸਲ ਮਿਊਜ਼ਿਕ ਸਮੂਹ ਸਮੇਤ ਹੋਰ ਵੀ ਕਈ ਹਨ। ਫਰਮ ਦੇ ਨੁਮਾਇੰਦਿਆਂ ਵਲੋਂ ਇਸ 'ਚ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਵੈੱਬਸਾਈਟ ਜੀ. ਐੱਸ. ਐੱਮ. ਲਾਅ ਡਾਟ ਕਾਮ ਵੀ ਇਸ ਸਮੇਂ ਆਫਲਾਈਨ ਹੈ, ਜਿੱਥੇ ਸਿਰਫ ਇਸ ਦਾ ਲੋਗੋ ਹੀ ਦਿੱਸ ਰਿਹਾ ਹੈ।