ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ ਵਿਖੇ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ
Tuesday, Oct 28, 2025 - 01:27 PM (IST)
ਬਰੇਸ਼ੀਆ (ਕੈਂਥ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਚ ਸਥਿਤ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ ਵਿਖੇ ਮਹਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਬਹੁਤ ਹੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ ਸ਼ਮੂਲੀਅਤ ਕੀਤੀ। ਤਿੰਨ ਰੋਜ਼ਾ ਸਮਾਗਮਾਂ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦੇ ਜਾਪ ਹੋਏ। ਸ਼ਨੀਵਾਰ ਸ਼ਾਮ ਅਤੇ ਐਤਵਾਰ ਦਿਨ ਦੇ ਦੀਵਾਨ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਖੁੱਲੇ ਪੰਡਾਲ ਵਿੱਚ ਸਜਾਏ ਗਏ।

ਦੀਵਾਨਾਂ ਦੀ ਆਰੰਭਤਾ ਹੈੱਡ ਗ੍ਰੰਥੀ ਭਾਈ ਦਵਿੰਦਰ ਸਿੰਘ ਦੁਆਰਾ ਕੀਤੀ ਗਈ, ਜਿਨ੍ਹਾਂ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਥਾਵਾਚਕ ਗਿਆਨੀ ਸਕੱਤਰ ਸਿੰਘ ਬਾਜਵਾ ਨੇ ਕਥਾਵਿਚਾਰਾਂ ਨਾਲ ਸੰਗਤਾਂ ਨੂੰ ਗੁਰਬਾਣੀ ਦੀ ਮਹਿਮਾ ਸੁਣਾਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਸ਼ਨੀਵਾਰ ਸ਼ਾਮ ਨੂੰ ਭਾਈ ਸਤਪਾਲ ਸਿੰਘ ਗਰਚਾ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਵਾਈ। ਇਸ ਮੌਕੇ ਇੰਡੀਆ ਦੀ ਧਰਤੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਢਾਡੀ ਭਾਈ ਹਰਦੀਪ ਸਿੰਘ ਮਾਨੋਚਾਹਲ ਦੇ ਜੱਥੇ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਮੂਹ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ।

