ਇਟਲੀ ਦੇ ਜ਼ਿਲ੍ਹਾ ਕਾਜੇਲਮੋਰਾਨੋ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Wednesday, Oct 22, 2025 - 04:03 PM (IST)

ਇਟਲੀ ਦੇ ਜ਼ਿਲ੍ਹਾ ਕਾਜੇਲਮੋਰਾਨੋ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਕਰੇਮੋਨਾ (ਦਲ਼ਵੀਰ ਸਿੰਘ ਕੈਂਥ)- ਨੌਂਵੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਇਟਲੀ ਦੇ ਜ਼ਿਲ੍ਹਾ ਕਾਜੇਲਮੋਰਾਨੋ(ਕਰੇਮੋਨਾ) ਵਿਖੇ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਬਰਾਂਚ ਦਮਦਮੀ ਟਕਸਾਲ ਕਾਜਲਮੋਰਾਨੋ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਨਗਰ ਕੀਰਤਨ ਵਿੱਚ ਉੱਤਰੀ ਇਟਲੀ ਦੇ ਕਈ ਹਿੱਸਿਆਂ ਵਿਚ ਵੱਸਦੀਆਂ ਸੰਗਤਾਂ ਵਲੋਂ ਦੂਰ-ਦਰਾਡੇ ਤੋਂ ਪਹੁੰਚ ਕਰਕੇ ਰੌਣਕਾਂ ਨੂੰ ਵਧਾਉਂਦੇ ਹੋਏ ਗੁਰਬਾਣੀ ਵਿਚਾਰਾਂ ਨੂੰ ਸਰਵਣ ਕੀਤਾ ਗਿਆ।

PunjabKesari

ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਹੋਈ। ਸਾਰੇ ਰਸਤੇ ਵਿਚ ਸੰਗਤਾਂ ਦੁਆਰਾ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ ਅਤੇ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਕਾਜੇਲਮੋਰਾਨੋ ਸ਼ਹਿਰ ਵਿੱਚ ਗੂੰਜ ਪਈ। ਨਗਰ ਕੀਰਤਨ ਮੌਕੇ ਵੱਖ-ਵੱਖ ਰਾਗੀ ਸਿੰਘਾਂ ਦੁਆਰਾ ਇਲਾਹੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਦੇ ਸਿੰਘਾਂ ਨੇ ਗਤਕੇ ਦੇ ਜੌਹਰ ਵਿਖਾਉਂਦੇ ਹੋਏ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ।

PunjabKesari

ਸੰਗਤਾਂ ਵੱਲੋਂ ਜਗ੍ਹਾ ਜਗ੍ਹਾ ਪੰਜ ਪਿਅਰਿਆਂ ਅਤੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸ਼ਾਮ ਨੂੰ ਨਗਰ ਦੀ ਪਰਿਕਰਮਾ ਕਰਦਿਆਂ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿੱਥੇ  ਪੰਡਾਲ ਸਜਾਇਆ ਗਿਆ। ਇਸ ਮੌਕੇ ਇਟਲੀ ਦੇ ਪ੍ਰਸਿੱਧ ਕਵੀਸ਼ਰੀ ਜੱਥੇ ਭਾਈ ਅੰਗਰੇਜ ਸਿੰਘ ਜਾਂਗਲਾਂ ਅਤੇ ਸਾਥੀਆਂ  ਦੁਆਰਾ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ। ਸੇਵਾਦਾਰਾਂ ਵੱਲੋਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਸਫਲਤਾ ਪੂਰਵਕ ਤੇ ਨਿਰਵਿਘਨ ਕਰਵਾਉਣ ਲਈ ਸਥਾਨਕ ਪੁਲਸ ਪ੍ਰਸ਼ਾਸਨ ਵੱਲੋਂ ਟਰੈਫਿਕ ਨੂੰ ਸੁਚੱਜੇ ਢੰਗ ਨਾਲ ਕੰਟਰੋਲ ਕੀਤਾ ਗਿਆ। ਨਗਰ ਕੀਰਤਨ ਦੀ ਸਮਾਪਤੀ ਉੱਤੇ ਪ੍ਰਬੰਧਕ ਕਮੇਟੀ ਨੇ ਕਾਜਲਮੋਰਾਨੋ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਹੋਰਨਾਂ ਗੁਰਦੁਆਰਾ ਸਾਹਿਬ ਤੋਂ ਆਏ ਹੋਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ। ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਪ੍ਰਗਟ ਸਿੰਘ ਖਾਲਸਾ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਕੇ ਗੁਰੂ ਵਾਲੇ ਬਣਨ ਦੀ ਅਪੀਲ ਕਰਦਿਆਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

PunjabKesari


author

cherry

Content Editor

Related News