2 ਨਵੰਬਰ ਨੂੰ ਰੋਮ ਵਿਖੇ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ
Monday, Oct 27, 2025 - 04:41 PM (IST)
ਰੋਮ (ਕੈਂਥ) - ਇਟਲੀ ਦੇ ਲਾਸੀਓ ਸੂਬੇ ਦੀ ਨਾਮੀ ਧਾਰਮਿਕ ਸੰਸਥਾ ਭਗਵਾਨ ਵਾਲਮੀਕਿ ਸਭਾ ਰੋਮ ਵੱਲੋਂ 2 ਨਵੰਬਰ 2025 ਦਿਨ ਐਤਵਾਰ ਨੂੰ ਸਨਾਤਨ ਧਰਮ ਮੰਦਿਰ ਲਵੀਨਿਓ (ਰੋਮ) ਵਿਖੇ ਮਹਾਨ ਧਾਰਮਿਕ ਗ੍ਰੰਥ "ਸ਼੍ਰੀ ਰਮਾਇਣ" ਦੇ ਰਚੇਤਾ ਤੇ ਦੂਰਦਰਸ਼ੀ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਹ ਸੰਸਥਾ ਇਟਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੀ ਹੈ।

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਦਲਬੀਰ ਭੱਟੀ ਪ੍ਰਧਾਨ ਭਗਵਾਨ ਵਾਲਮੀਕਿ ਸਭਾ ਯੂਰਪ ਨੇ ਦਿੰਦਿਆਂ ਕਿਹਾ ਇਸ ਪ੍ਰਗਟ ਦਿਵਸ ਸਮਾਗਮ ਮੌਕੇ ਭਾਰਤ ਦੀ ਧਰਤੀ ਤੋਂ ਬਾਲਯੋਗੀ ਬਾਬਾ ਪ੍ਰਗਟ ਨਾਥ ਵਿਸ਼ੇਸ਼ ਤੌਰ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਹੁੰਚ ਰਹੇ ਹਨ। 2 ਨਵੰਬਰ ਨੂੰ ਸਵੇਰੇ 10 ਵਜੇ ਸ਼੍ਰੀ ਰਮਾਇਣ ਸਾਹਿਬ ਦੇ ਪਾਠ ਆਰੰਭ ਹੋਣਗੇ ਅਤੇ 11 ਵਜੇ ਭੋਗ ਪੈਣਗੇ। ਇਸ ਮੌਕੇ ਇਟਲੀ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਭਗਵਾਨ ਵਾਲਮੀਕਿ ਜੀ ਦੀ ਮਹਿਮਾਂ ਦਾ ਗੁਣਗਾਨ ਕਰਨਗੀਆਂ ਤੇ ਅਟੁੱਟ ਭੰਡਾਰੇ ਵਰਤਾਏ ਜਾਣਗੇ। ਦਲਬੀਰ ਭੱਟੀ ਨੇ ਇਲਾਕੇ ਦੀ ਸਮੂਹ ਸੰਗਤ ਨੂੰ ਇਸ ਭਾਗਾਂ ਭਰੇ ਦਿਵਸ ਮੌਕੇ ਹੁੰਮ-ਹੁੰਮਾਂ ਕੇ ਪਹੁੰਚ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ ਹੈ।
