ਉੱਘੇ ਸਿੱਖ ਆਗੂ ਸ. ਗੁਰਿੰਦਰ ਸਿੰਘ ਖਾਲਸਾ ਗੱਤਕਾ ਫੈੱਡਰੇਸ਼ਨ ਅਮਰੀਕਾ ਦੇ ਚੇਅਰਮੈਨ ਨਿਯੁਕਤ

Thursday, Aug 03, 2023 - 03:17 PM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਗੱਤਕਾ ਖੇਡ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਵਿਸ਼ਵ ਗੱਤਕਾ ਫੈੱਡਰੇਸ਼ਨ ਨੇ ਉੱਘੇ ਸਿੱਖ ਆਗੂ, ਉੱਦਮੀ ਅਤੇ ਜਨਤਕ ਬੁਲਾਰੇ ਸ. ਗੁਰਿੰਦਰ ਸਿੰਘ ਖਾਲਸਾ ਨੂੰ ਗੱਤਕਾ ਫੈੱਡਰੇਸ਼ਨ ਯੂ.ਐੱਸ.ਏ. ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਵਿਸ਼ਵ ਗੱਤਕਾ ਫੈੱਡਰੇਸ਼ਨ (ਡਬਲਯੂ.ਜੀ.ਐੱਫ.) ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਅਤੇ ਜਨਰਲ ਸਕੱਤਰ ਡਾ: ਦੀਪ ਸਿੰਘ ਨਿਊਯਾਰਕ ਨੇ ਗੁਰਿੰਦਰ ਸਿੰਘ ਖਾਲਸਾ ਨੂੰ ਇੰਡੀਆਨਾ ਸੂਬੇ ਦੇ ਸ਼ਹਿਰ ਫਿਸ਼ਰਜ਼ ਵਿੱਖੇ ਨਿਯੁਕਤੀ ਪੱਤਰ ਭੇਂਟ ਕੀਤਾ ਅਤੇ ਉਨਾਂ ਨੂੰ ਇਸ ਨਿਯੁਕਤੀ ਲਈ ਮੁਬਾਰਕਾਂ ਵੀ ਦਿੱਤੀਆਂ। ਗੱਤਕਾ ਫੈੱਡਰੇਸ਼ਨ ਅਮਰੀਕਾ ਦੇ ਚੇਅਰਮੈਨ ਵਜੋਂ, ਡਬਲਯੂ.ਜੀ.ਐੱਫ. ਨੇ ਖਾਲਸਾ ਨੂੰ ਦੇਸ਼ ਭਰ ਵਿੱਚ ਗੱਤਕੇ ਦੇ ਅਭਿਆਸ ਨੂੰ ਉਤਸ਼ਾਹਿਤ ਕਰਨ ਅਤੇ ਵਿਸਤਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਗੱਤਕਾ ਐਸੋਸੀਏਸ਼ਨਾਂ ਦੀ ਸਥਾਪਨਾ, ਗੱਤਕਾ ਖਿਡਾਰੀਆਂ/ਅਖਾੜਿਆਂ ਨਾਲ ਤਾਲਮੇਲ, ਦੇਸ਼ ਵਿੱਚ ਮੀਟਿੰਗਾਂ ਅਤੇ ਸਮਾਗਮਾਂ ਦਾ ਆਯੋਜਨ ਅਤੇ ਗੱਤਕਾ ਮੁਕਾਬਲਿਆਂ ਅਤੇ ਸਮਾਗਮਾਂ ਦੌਰਾਨ ਗੱਤਕਾ ਫੈੱਡਰੇਸ਼ਨ ਅਮਰੀਕਾ ਦੀ ਨੁਮਾਇੰਦਗੀ ਕਰਨਾ ਸ਼ਾਮਲ ਹੈ।

ਇਥੇ ਜ਼ਿਕਰਯੋਗ ਹੈ ਕਿ ਸ. ਗੁਰਿੰਦਰ ਸਿੰਘ ਖਾਲਸਾ, ਜੋ ਅਮਰੀਕਾ ਵਿੱਚ ਸਿੱਖਸ ਪੋਲੀਟੀਕਲ ਐਕਸ਼ਨ ਕਮੇਟੀ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਅ ਰਹੇ ਹਨ, ਅਤੇ ਗੱਤਕੇ ਦੇ ਖੇਤਰ ਵਿੱਚ ਉਨ੍ਹਾਂ ਦੀ ਇਸ ਨਵੀਂ ਭੂਮਿਕਾ ਲਈ ਸਵਾਗਤ ਕਰਦੇ ਹੋਏ, ਗੱਤਕਾ ਪ੍ਰਮੋਟਰ ਸ. ਹਰਜੀਤ ਸਿੰਘ ਗਰੇਵਾਲ ਅਤੇ ਡਾਕਟਰ ਦੀਪ ਸਿੰਘ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਖਾਲਸਾ ਦਾ ਇਸ ਵਿਰਾਸਤੀ ਖੇਡ ਪ੍ਰਤੀ ਸਮਰਪਣ, ਪਿਆਰ ਅਤੇ ਜੋਸ਼ ਨੂੰ ਦੇਖਦੇ ਹੋਏ ਉਹ ਗੱਤਕਾ ਫੈੱਡਰੇਸ਼ਨ ਅਮਰੀਕਾ ਅਤੇ ਡਬਲਯੂ.ਜੀ.ਐੱਫ. ਵੱਲੋਂ ਇਸ ਪੁਰਾਤਨ ਖੇਡ ਦੀ ਪ੍ਰਫੁੱਲਤਾ ਲਈ ਉਲੀਕੇ ਵਿਸ਼ਵ ਪੱਧਰੀ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਮੌਕੇ ਸ. ਗੁਰਿੰਦਰ ਸਿੰਘ ਖਾਲਸਾ ਨੇ ਵੱਕਾਰੀ ਕੌਮੀ ਜ਼ਿੰਮੇਵਾਰੀ ਪ੍ਰਤੀ ਨਾਮਜ਼ਦਗੀ ਲਈ ਡਬਲਯੂ.ਜੀ.ਐੱਫ. ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਮਰੀਕਾ ਵਿੱਚ ਮਾਰਸ਼ਲ ਆਰਟ ਗੱਤਕੇ ਨੂੰ ਇੱਕ ਖੇਡ ਵਜੋਂ ਅੱਗੇ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਪੂਰੀ ਵਾਹ ਲਾਉਣਗੇ ਅਤੇ ਵਚਨਬੰਦ ਹਨ।


cherry

Content Editor

Related News