ਗੁਜਰਾਤੀ ਮੂਲ ਦੇ ਮਨੀਸ਼ ਪਟੇਲ ਨੇ 50 ਮਿਲੀਅਨ ਡਾਲਰ ਦਾ ਹੈਲਥ ਕੇਅਰ ਫਰਾਡ ਦਾ ਦੋਸ਼ ਕਬੂਲਿਆ

Tuesday, Apr 30, 2024 - 03:09 PM (IST)

ਗੁਜਰਾਤੀ ਮੂਲ ਦੇ ਮਨੀਸ਼ ਪਟੇਲ ਨੇ 50 ਮਿਲੀਅਨ ਡਾਲਰ ਦਾ ਹੈਲਥ ਕੇਅਰ ਫਰਾਡ ਦਾ ਦੋਸ਼ ਕਬੂਲਿਆ

ਨਿਊਯਾਰਕ (ਰਾਜ ਗੋਗਨਾ)-ਅਮਰੀਕਾ ਦੇ ਨਿਊਯਾਰਕ ਵਿੱਚ ਰਹਿਣ ਵਾਲੇ ਇਕ ਗੁਜਰਾਤੀ ਭਾਰਤੀ ਮਨੀਸ਼ ਪਟੇਲ ਨੇ 50 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ ਅਤੇ ਗ੍ਰਿਫ਼ਤਾਰੀ ਤੋਂ 6 ਮਹੀਨੇ ਬਾਅਦ ਉਸ ਨੇ ਅਦਾਲਤ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਦੋਸ਼ੀ ਮਨੀਸ਼ ਪਟੇਲ 'ਤੇ ਦੋਸ਼ ਹੈ ਕਿ ਉਸ ਨੇ ਜਾਅਲੀ ਨੁਸਖ਼ਿਆਂ ਅਤੇ ਫਰਜ਼ੀ ਲੈਬ ਟੈਸਟਾਂ ਦੇ  ਰਾਹੀਂ ਦਵਾਈਆਂ ਅਤੇ ਮੈਡੀਕਲ ਉਪਕਰਣ ਵੇਚ ਕੇ ਲੱਖਾਂ ਡਾਲਰਾਂ ਦਾ ਕਮਿਸ਼ਨ ਖਾਧਾ ਸੀ।  ਉਸ ਨੇ 50 ਮਿਲੀਅਨ ਡਾਲਰ ਦੇ ਹੈਲਥਕੇਅਰ ਘੁਟਾਲੇ ਵਿੱਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ। 

ਅਮਰੀਕੀ ਕਾਨੂੰਨ ਅਨੁਸਾਰ ਫੈਡਰਲ ਸਰਕਾਰ ਹਰ ਅਮਰੀਕੀ ਨਾਗਰਿਕ ਨੂੰ ਮੈਡੀਕਲ ਬੀਮਾ ਪ੍ਰਦਾਨ ਕਰਦੀ ਹੈ ਜਿਸਦੀ ਉਮਰ 65 ਸਾਲ ਤੋਂ ਵੱਧ ਹੈ ਜਾਂ ਉਹ ਸਥਾਈ ਤੌਰ 'ਤੇ ਅਪਾਹਜ ਹੈ, ਜਿਸ ਦੇ ਤਹਿਤ ਸਰਕਾਰ ਬੀਮਾ ਕੰਪਨੀਆਂ ਰਾਹੀਂ ਦਵਾਈਆਂ, ਲੈਬ ਟੈਸਟਿੰਗ ਅਤੇ ਹੋਰ ਮੈਡੀਕਲ ਉਪਕਰਣਾਂ ਦੇ ਖਰਚੇ ਦਾ ਭੁਗਤਾਨ ਕਰਦੀ ਹੈ। ਹਾਲਾਂਕਿ ਇਸ ਕਾਨੂੰਨ ਅਨੁਸਾਰ ਮਰੀਜ਼ ਨੂੰ ਲੋੜੀਂਦੀ ਦਵਾਈ ਜਾਂ ਹੋਰ ਮੈਡੀਕਲ ਉਪਕਰਣ ਲਿਖਣਾ ਲਾਜ਼ਮੀ ਹੈ ਪਰ ਮਨੀਸ਼ ਪਟੇਲ ਵਰਗੇ ਲੋਕ ਇਸ ਪ੍ਰਣਾਲੀ ਦਾ ਸ਼ੋਸ਼ਣ ਕਰਕੇ ਜਾਅਲੀ ਨੁਸਖੇ ਤਿਆਰ ਕਰ ਰਹੇ ਹਨ ਅਤੇ ਆਪਣੇ ਮੈਡੀਕਲ ਸਪਲਾਇਰਾਂ ਨਾਲ ਇਕਰਾਰਨਾਮੇ ਵੀ ਕਰ ਰਹੇ ਹਨ ਅਤੇ ਆਪਣੀ ਵਿਕਰੀ ਵਧਾ ਰਹੇ ਹਨ। ਉਹ ਗੈਰ-ਕਾਨੂੰਨੀ ਮੈਡੀਕਲ ਸਪਲਾਇਰਾਂ ਦੀ ਜਾਣਕਾਰੀ ਤੋਂ ਬਿਨਾਂ ਮਰੀਜ਼ਾਂ ਅਤੇ ਡਾਕਟਰਾਂ ਨਾਲ ਧੋਖਾ ਕਰਦੇ ਹਨ ਅਤੇ ਉਨ੍ਹਾਂ ਨੂੰ ਭਾਰੀ ਵਿੱਤੀ ਲਾਭ ਦੇ ਕੇ ਆਪਣੀਆਂ ਜੇਬਾਂ ਭਰਦੇ ਹਨ।

ਨਿਊਯਾਰਕ ਦੀ ਦੱਖਣੀ ਜ਼ਿਲ੍ਹਾ ਅਦਾਲਤ ਦੇ ਅਟਾਰਨੀ ਡੈਮਿਅਨ ਵਿਲੀਅਮਜ਼ ਦੁਆਰਾ ਕੀਤੇ ਗਏ ਐਲਾਨ ਅਨੁਸਾਰ 44 ਸਾਲਾ ਮਨੀਸ਼ ਪਟੇਲ ਨੇ ਯੂ.ਐਸ ਮੈਜਿਸਟ੍ਰੇਟ ੳਨਾ.ਟੀ. ਵੈਂਗ ਸਾਹਮਣੇ ਆਪਣੇ ਆਪ ਨੂੰ ਦੋਸ਼ੀ ਮੰਨਿਆ। ਇੱਕ ਹੋਰ ਵਿਅਕਤੀ ਨਾਲ ਮਿਲ ਕੇ ਉਸ ਨੇ ਕਾਲ ਸੈਂਟਰਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ-ਨਾਲ ਮੈਡੀਕੇਅਰ ਲਾਭਪਾਤਰੀਆਂ ਲਈ ਟੈਲੀਮੇਡੀਸਨ ਨਿਯੁਕਤੀਆਂ ਦਾ ਪ੍ਰਬੰਧ ਕੀਤਾ ਸੀ। ਮਰੀਜ਼ਾਂ ਦੀ ਜਾਣਕਾਰੀ ਤੋਂ ਬਿਨਾਂ ਨੁਸਖੇ ਅਤੇ ਉਨ੍ਹਾਂ 'ਤੇ ਡਾਕਟਰਾਂ ਦੇ ਜਾਅਲੀ ਦਸਤਖ਼ਤ ਸਨ। ਜਿਸ ਵਿਅਕਤੀ ਨਾਲ ਮਨੀਸ਼ ਨੇ ਇਸ ਘਪਲੇ ਨੂੰ ਅੰਜਾਮ ਦਿੱਤਾ, ਉਸ ਦੀ ਪਛਾਣ ਸੀ.ਸੀ.ਵਨ ਵਜੋਂ ਸਾਹਮਣੇ ਆਈ ਹੈ। ਮਨੀਸ਼ ਪਟੇਲ ਨੇ 2019 ਤੋਂ 2022 ਤੱਕ 50 ਮਿਲੀਅਨ ਡਾਲਰ ਦਾ ਘੁਟਾਲਾ ਕੀਤਾ ਅਤੇ ਅਕਤੂਬਰ 2023 ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਪੰਨੂ ਦੇ ਕਤਲ ਦੀ ਸਾਜਿਸ਼ 'ਤੇ ਭਾਰਤ ਦੇ ਰਵੱਈਏ ਬਾਰੇ ਅਮਰੀਕੀ ਅਧਿਕਾਰੀ ਦਾ ਤਾਜ਼ਾ ਬਿਆਨ 

ਮਨੀਸ਼ ਪਟੇਲ ਨੂੰ ਇੱਕ ਹੈਲਥਕੇਅਰ ਘੁਟਾਲੇ ਨੂੰ ਅੰਜਾਮ ਦੇਣ ਤੋਂ ਇਲਾਵਾ ਅਦਾਲਤ ਨੇ ਧੋਖਾਧੜੀ ਦਾ ਵੀ ਦੋਸ਼ੀ ਮੰਨਿਆ। ਦੋਵਾਂ ਨੂੰ ਵੱਧ ਤੋਂ ਵੱਧ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਅਮਰੀਕੀ ਨਿਆਂ ਵਿਭਾਗ ਅਨੁਸਾਰ ਮਨੀਸ਼ ਪਟੇਲ ਨੇ 2019 ਅਤੇ 2022 ਵਿਚਕਾਰ ਜੋ ਘੁਟਾਲਾ ਚਲਾਇਆ ਸੀ, ਉਸ ਵਿੱਚ ਮੈਡੀਕਲ ਉਪਕਰਣਾਂ, ਦਵਾਈਆਂ ਅਤੇ ਮੈਡੀਕੇਅਰ ਲਾਭਪਾਤਰੀਆਂ ਨੂੰ ਮੈਡੀਕਲ ਉਪਕਰਣ ਸਪਲਾਇਰਾਂ, ਫਾਰਮੇਸੀਆਂ ਅਤੇ ਪ੍ਰਯੋਗਸ਼ਾਲਾਵਾਂ ਨੂੰ ਤਜਵੀਜ਼ ਕੀਤੇ ਗਏ ਲੈਬ: ਟੈਸਟਾਂ ਲਈ ਨਕਲੀ ਨੁਸਖ਼ੇ ਵੇਚਣਾ ਸ਼ਾਮਲ ਸੀ। ਪਟੇਲ ਨੇ ਇਹ ਸਾਰੀ ਸਮੱਗਰੀ ਮੈਡੀਕੇਅਰ ਲਾਭਪਾਤਰੀਆਂ ਨੂੰ ਬੁਲਾਉਣ ਵਾਲੇ ਕਾਲ ਸੈਂਟਰਾਂ ਤੋਂ ਪ੍ਰਾਪਤ ਕੀਤੀ ਸੀ। ਮਨੀਸ਼ ਪਟੇਲ ਕਾਲ ਸੈਂਟਰਾਂ ਰਾਹੀਂ ਪ੍ਰਾਪਤ ਹੋਈ ਇਸ ਸੂਚਨਾ ਰਾਹੀਂ ਸਿਹਤ ਸੰਭਾਲ ਲਾਭਪਾਤਰੀਆਂ ਦੀਆਂ ਜਾਅਲੀ ਟੈਲੀਮੈਡੀਸਨ ਨਿਯੁਕਤੀਆਂ ਦਾ ਪ੍ਰਬੰਧ ਕਰਦਾ ਸੀ ਅਤੇ ਇਹ ਸਾਰੀ ਜਾਣਕਾਰੀ ਡਾਕਟਰ ਨੂੰ ਭੇਜਦਾ ਸੀ ਜੋ ਮਰੀਜ਼ ਨੂੰ ਦੇਖੇ ਬਿਨਾਂ ਹੀ ਨੁਸਖ਼ੇ 'ਤੇ ਦਸਤਖ਼ਤ ਕਰਦਾ ਸੀ। ਮਨੀਸ਼ ਪਟੇਲ ਡਾਕਟਰ ਦੇ ਦਸਤਖ਼ਤ ਕੀਤੇ ਨੁਸਖੇ ਮੈਡੀਕੇਅਰ ਪ੍ਰਦਾਤਾਵਾਂ ਨੂੰ ਵੇਚਦਾ ਸੀ ਜੋ ਨੁਸਖ਼ੇ ਦੇ ਆਧਾਰ 'ਤੇ ਦਵਾਈਆਂ, ਮੈਡੀਕਲ ਸਾਜ਼ੋ-ਸਾਮਾਨ ਜਾਂ ਲੈਬ ਟੈਸਟਾਂ ਲਈ ਭੁਗਤਾਨ ਕਰਨਗੇ।

ਪਟੇਲ ਆਪਣੀ ਸੈਟਿੰਗ ਰਾਹੀਂ ਜੋ ਜਾਅਲੀ ਨੁਸਖੇ ਤਿਆਰ ਕਰਦਾ ਸੀ, ਉਸ ਵਿੱਚ ਦਵਾਈ ਜਾਂ ਮੈਡੀਕਲ ਉਪਕਰਨ ਮਰੀਜ਼ ਦੀ ਜਾਣਕਾਰੀ ਤੋਂ ਬਿਨਾਂ ਅਤੇ ਉਸ ਦੀ ਲੋੜ ਨਾ ਵੀ ਹੋਣ ਦੇ ਬਾਵਜੂਦ ਵੀ ਭੇਜੇ ਜਾਂਦੇ ਸਨ, ਜਿਸ ਨੂੰ ਬਹੁਤ ਸਾਰੇ ਮਰੀਜ਼ਾਂ ਭਾਵ ਮੈਡੀਕੇਅਰ ਲਾਭਪਾਤਰੀਆਂ ਨੇ ਰੱਦ ਵੀ ਕਰ ਦਿੱਤਾ ਸੀ। ਜਦੋਂ ਕਈ ਡਾਕਟਰਾਂ ਨੂੰ ਮਨੀਸ਼ ਦੇ ਇਸ ਘਪਲੇ ਦੇ ਬਾਰੇ ਪਤਾ ਲੱਗਾ ਤਾਂ ਕਈ ਡਾਕਟਰਾਂ ਨੇ ਉਸ ਦਾ ਪਰਦਾਫਾਸ਼ ਕਰਨ ਦੀਆਂ ਧਮਕੀਆਂ ਦਿੱਤੀਆਂ। ਇੱਥੋਂ ਤੱਕ ਕਿ ਮੈਡੀਕੇਅਰ ਯਾਨੀ ਬੀਮਾ ਕੰਪਨੀਆਂ ਵੀ ਅਕਸਰ ਇਨ੍ਹਾਂ ਨੁਸਖ਼ਿਆਂ ਵਿੱਚ ਲਿਖੀਆਂ ਵਸਤੂਆਂ ਦੇ ਬਿੱਲ ਰੱਦ ਕਰ ਦਿੰਦੀਆਂ ਸਨ। ਇਸ ਕਾਰਨ ਮਨੀਸ਼ ਦੀ ਧੌਖਾਧੜੀ ਦਾ ਘੜਾ ਫੁੱਟ ਗਿਆ। ਹਾਲਾਂਕਿ,ਮਨੀਸ਼ ਪਟੇਲ ਨੇ ਤਿੰਨ ਸਾਲਾਂ ਦੇ ਸਮੇਂ ਵਿੱਚ ਜੋ ਘਪਲਾ ਕੀਤਾ, ਉਸ ਨਾਲ ਅਮਰੀਕੀ ਸਰਕਾਰ ਨੂੰ 50 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਹੁਣ ਜਦੋਂ ਮਨੀਸ਼ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਤਾਂ ਉਸ ਨੂੰ ਜੇਲ੍ਹ ਦੀ ਸਜ਼ਾ ਹੋਣੀ ਤੈਅ ਹੈ ਪਰ ਉਸ ਨੂੰ ਅਮਰੀਕਾ ਤੋਂ ਵਾਪਿਸ ਵੀ ਭੇਜਿਆ ਜਾ ਸਕਦਾ ਹੈ। ਉਸ ਨੂੰ 26 ਜੁਲਾਈ ਸਵੇਰੇ 10:00 ਵਜੇ ਯੂ.ਐਸ ਜ਼ਿਲ੍ਹਾ ਸ਼ੈਸਨ ਜੱਜ ਨਿਊਯਾਰਕ ਲੋਰਨਾ ਸ਼ੋਫੀਲਡ ਦੀ ਅਦਾਲਤ ਵਿਚ ਸ਼ਜਾ ਸੁਣਾਈ ਜਾਣੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News