''''ਗ੍ਰੀਨਲੈਂਡ ਦੇ ਦਿੱਤਾ ਤਾਂ ਤਾਰੀਫ਼ ਕਰਾਂਗੇ, ਨਹੀਂ ਤਾਂ ਯਾਦ ਰੱਖਾਂਗੇ..!'''', ਟਰੰਪ ਨੇ ਯੂਰਪ ਨੂੰ ਇਕ ਵਾਰ ਫ਼ਿਰ ਦਿੱਤੀ ਚਿਤਾਵਨੀ
Thursday, Jan 22, 2026 - 09:53 AM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਵਿਟਜ਼ਰਲੈਂਡ ਦੇ ਦਾਵੋਸ ਵਿਚ ਵਰਲਡ ਇਕਨਾਮਿਕ ਫੋਰਮ (ਡਬਲਿਊ.ਈ.ਐੱਫ.) ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਕ ਵਾਰ ਫਿਰ ਗ੍ਰੀਨਲੈਂਡ ’ਤੇ ਅਮਰੀਕੀ ਕੰਟਰੋਲ ਦੀ ਮੰਗ ਦੁਹਰਾਈ ਅਤੇ ਅਸਿੱਧੇ ਤੌਰ ’ਤੇ ਚਿਤਾਵਨੀ ਵੀ ਦਿੱਤੀ।
ਟਰੰਪ ਨੇ ਕਿਹਾ ਕਿ ਅਮਰੀਕਾ ਤੋਂ ਇਲਾਵਾ ਕੋਈ ਵੀ ਦੇਸ਼ ਜਾਂ ਦੇਸ਼ਾਂ ਦਾ ਸਮੂਹ ਗ੍ਰੀਨਲੈਂਡ ਦੀ ਸੁਰੱਖਿਆ ਨਹੀਂ ਕਰ ਸਕਦਾ। ਅਮਰੀਕਾ ਦੀ ਰਾਸ਼ਟਰੀ ਰਣਨੀਤੀ ਲਈ ਗ੍ਰੀਨਲੈਂਡ ਜ਼ਰੂਰੀ ਹੈ। ਉੱਥੇ ਹੀ ਯੂਰਪ ਵੀ ਸਹੀ ਦਿਸ਼ਾ ’ਚ ਨਹੀਂ ਜਾ ਰਿਹਾ ਹੈ। ਟਰੰਪ ਨੂੰ ਮੰਚ ਤੋਂ 20 ਮਿੰਟ ਬੋਲਣ ਦਾ ਸਮਾਂ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ 1 ਘੰਟੇ ਤੋਂ ਵੱਧ ਸਮਾਂ ਭਾਸ਼ਣ ਦਿੱਤਾ ਅਤੇ ਆਪਣੇ ਇਕ ਸਾਲ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਵਾਈਆਂ।
ਉਨ੍ਹਾਂ ਕਿਹਾ ਕਿ ਅਮਰੀਕਾ ਦੁਨੀਆ ਦੀ ਆਰਥਿਕਤਾ ਦਾ ਇੰਜਣ ਹੈ ਅਤੇ ਅਮਰੀਕੀ ਆਰਥਿਕਤਾ ਦੇ ਮਜ਼ਬੂਤ ਹੋਣ ਨਾਲ ਪੂਰੀ ਦੁਨੀਆ ਨੂੰ ਲਾਭ ਹੁੰਦਾ ਹੈ। ਆਪਣੇ ਭਾਸ਼ਣ ਵਿਚ ਟਰੰਪ ਨੇ ਯੂਰਪ ਦੀਆਂ ਨੀਤੀਆਂ, ਖਾਸ ਕਰ ਕੇ ਮਾਈਗ੍ਰੇਸ਼ਨ ਨੀਤੀ ’ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਨਾਟੋ ਦੇਸ਼ ਹੁਣ ਆਪਣੀ ਸੁਰੱਖਿਆ ’ਤੇ ਪਹਿਲਾਂ ਨਾਲੋਂ ਜ਼ਿਆਦਾ ਨਿਵੇਸ਼ ਕਰ ਰਹੇ ਹਨ।
ਇਹ ਵੀ ਪੜ੍ਹੋ- ਅਮਰੀਕਾ ਨੇ ਕਰ ਲਿਆ ਕੈਨੇਡਾ ਤੇ ਗ੍ਰੀਨਲੈਂਡ 'ਤੇ ਕਬਜ਼ਾ ! ਟਰੰਪ ਨੇ ਸ਼ੇਅਰ ਕੀਤਾ ਨਵਾਂ ਨਕਸ਼ਾ
ਗ੍ਰੀਨਲੈਂਡ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਜੇ ਮੈਂ ਚਾਹੁੰਦਾ ਤਾਂ ਤਾਕਤ ਦੀ ਵਰਤੋਂ ਕਰ ਸਕਦਾ ਹਾਂ ਅਤੇ ਫਿਰ ਸਾਨੂੰ ਕੋਈ ਰੋਕ ਨਹੀਂ ਸਕੇਗਾ ਪਰ ਅਸੀਂ ਅਜਿਹਾ ਨਹੀਂ ਕਰਾਂਗੇ। ਸਾਡੀ ਮੰਗ ਬਹੁਤ ਵੱਡੀ ਨਹੀਂ ਹੈ, ਸਾਨੂੰ ਸਿਰਫ਼ ਗ੍ਰੀਨਲੈਂਡ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਹ ਬਿਨਾਂ ਹਿੰਸਾ ਅਤੇ ਜ਼ਬਰਦਸਤੀ ਦੇ ਚਾਹੁੰਦੇ ਹਾਂ। ਤੁਸੀਂ ਹਾਂ ਕਹੋਗੇ ਤਾਂ ਇਸ ਦੀ ਤਾਰੀਫ਼ ਹੋਵੇਗੀ, ਜੇ ਤੁਸੀਂ ਨਾਂਹ ਕਹੀ ਤਾਂ ਅਸੀਂ ਇਸ ਨੂੰ ਯਾਦ ਰੱਖਾਂਗੇ। ਟਰੰਪ ਦੇ ਇਸ ਬਿਆਨ ਨੂੰ ਗ੍ਰੀਨਲੈਂਡ ਅਤੇ ਉਸ ਦੇ ਸਹਿਯੋਗੀਆਂ ਲਈ ਇਕ ਸਖ਼ਤ ਸਿਆਸੀ ਚਿਤਾਵਨੀ ਵਜੋਂ ਦੇਖਿਆ ਜਾ ਰਿਹਾ ਹੈ।
ਟਰੰਪ ਨੇ ਮੋਦੀ ਨੂੰ ਦੱਸਿਆ ‘ਚੰਗਾ ਦੋਸਤ’
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਰਲਡ ਇਕਨਾਮਿਕ ਫੋਰਮ ਵਿਚ ਆਪਣੇ ਭਾਸ਼ਣ ਤੋਂ ਬਾਅਦ ਭਾਰਤ ਨੂੰ ਲੈ ਕੇ ਯੋਜਨਾਵਾਂ ਦਾ ਖੁਲਾਸਾ ਕੀਤਾ। ਟਰੰਪ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹਾਂ, ਉਹ ਸ਼ਾਨਦਾਰ ਇਨਸਾਨ ਹਨ ਅਤੇ ਮੇਰੇ ਚੰਗੇ ਦੋਸਤ ਵੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਭਾਰਤ ਨਾਲ ਜਲਦੀ ਹੀ ਇਕ ਚੰਗੀ ਡੀਲ ਕਰਨ ਜਾ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
