ਬਿਲਾਵਲ ਭੁੱਟੋ ਨੇ PM ਇਮਰਾਨ ਖਾਨ ’ਤੇ ਕੱਢਿਆ ਗੁੱਸਾ, ਕਿਹਾ- ‘ਸਰਕਾਰ ਸੁੱਤੀ ਹੈ, ਦੇਸ਼ ਰੋਂਦਾ ਹੈ’
Thursday, Aug 05, 2021 - 01:52 PM (IST)
ਇਸਲਾਮਾਬਾਦ— ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਦੇਸ਼ ਅੰਦਰ ਵੱਧਦੀ ਨਿਰਾਸ਼ਾ ਲਈ ਇਮਰਾਨ ਖਾਨ ਦੀ ਲੀਡਰਸ਼ਿਪ ਵਾਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਬਿਲਾਵਲ ਭੁੱਟੋ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਅਮੀਰ ਸਾਥੀਆਂ ਨੂੰ ਫਾਇਦਾ ਪਹੁੰਚਾਉਣ ਨੂੰ ਲੈ ਕੇ ਨਿਸ਼ਾਨਾ ਵਿੰਨਿ੍ਹਆ। ‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਬਿਲਾਵਲ ਭੁੱਟੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਅਮੀਰ ਸਾਥੀਆਂ ਨੂੰ ਫਾਇਦਾ ਪਹੁੰਚਾਉਣ ’ਚ ਰੁੱਝੇ ਹੋਏ ਹਨ। ਸਰਕਾਰ ਨੂੰ ਗਰੀਬਾਂ ਦੀ ਪਰਵਾਹ ਨਹੀਂ ਹੈ। ਸਰਕਾਰ ਸੁੱਤੀ ਹੋਈ ਹੈ ਅਤੇ ਦੇਸ਼ ਰੋ ਰਿਹਾ ਹੈ। ਪਾਕਿਸਤਾਨ ਕਈ ਮਹੀਨਿਆਂ ਤੋਂ ਬੇਰੁਜ਼ਗਾਰੀ, ਗਰੀਬੀ ਅਤੇ ਮਹਿੰਗਾਈ ਵੇਖ ਰਿਹਾ ਹੈ।
ਬਿਲਾਵਲ ਨੇ ਅੱਗੇ ਕਿਹਾ ਕਿ ਉਹ ਅੱਤ ਦੀ ਗਰੀਬੀ, ਬੇਰੁਜ਼ਗਾਰੀ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਗਰੀਬ ਦੇਸ਼ ਵਾਸੀਆਂ ਦੇ ਦੁੱਖ ਨੂੰ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਆਰਥਿਕ ਰੂਪ ਤੋਂ ਬਚਾਅ ਕੇ ਰੱਖਣਾ ਅਤੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ। ਪਾਕਿਸਤਾਨ ’ਚ ਪੈਟਰੋਲ, ਡੀਜ਼ਲ ਤੋਂ ਇਲਾਵਾ ਖੰਡ, ਕਣਕ ਦੇ ਆਟੇ ਸਮੇਤ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਵਧਾਈਆਂ ਗਈਆਂ ਹਨ। ਓਧਰ ਵਿਸ਼ਵ ਬੈਂਕ ਨੇ ਅਨੁਮਾਨ ਲਾਇਆ ਹੈ ਕਿ ਪਾਕਿਸਤਾਨ ’ਚ ਗਰੀਬੀ 2020 ਵਿਚ 4.4 ਫ਼ੀਸਦੀ ਤੋਂ ਵੱਧ ਕੇ 5.4 ਫ਼ੀਸਦੀ ਹੋ ਗਈ ਹੈ, ਕਿਉਂਕਿ ਦੋ ਮਿਲੀਅਨ ਤੋਂ ਵਧੇਰੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਜ਼ਿੰਦਗੀ ਗੁਜ਼ਾਰ ਰਹੇ ਹਨ।