ਸਰਕਾਰੀ ਸਕੂਲ ''ਤੇ ਹੋ ਗਿਆ ਅੱਤਵਾਦੀ ਹਮਲਾ ! ਮੁਕਾਬਲੇ ਦੌਰਾਨ ਪਾਕਿ ਫ਼ੌਜ ਨੇ 9 ਨੂੰ ਕੀਤਾ ਢੇਰ
Tuesday, Mar 31, 2026 - 02:55 PM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਇਕ ਸਰਕਾਰੀ ਸਕੂਲ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ 'ਚ ਆਏ ਅੱਤਵਾਦੀਆਂ ਦਾ ਸੁਰੱਖਿਆ ਬਲਾਂ ਨਾਲ ਮੁਕਾਬਲਾ ਹੋ ਗਿਆ, ਜਿਸ ਦੌਰਾਨ 9 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਖੈਬਰ ਜ਼ਿਲ੍ਹੇ ਦੀ ਬਾਰਾ ਤਹਿਸੀਲ ਦੇ ਅਕਾ ਖੇਲ ਇਲਾਕੇ ਵਿੱਚ ਸਥਿਤ ਗਵਰਨਮੈਂਟ ਹਾਈ ਸਕੂਲ ਖਵਾਜਾ ਮੀਰ ਕਾਲੇ 'ਤੇ ਸੋਮਵਾਰ ਨੂੰ ਹਮਲਾ ਕੀਤਾ ਸੀ। ਅੱਤਵਾਦੀਆਂ ਨੇ ਸਕੂਲ ਦੀ ਇਮਾਰਤ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹਮਲਾ ਕੀਤਾ, ਉੱਥੋਂ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਉਤਾਰ ਦਿੱਤਾ ਅਤੇ ਆਪਣਾ ਝੰਡਾ ਲਹਿਰਾ ਦਿੱਤਾ।
ਇਹ ਵੀ ਪੜ੍ਹੋ- ਜੰਗ ਵਿਚਾਲੇ ਇਜ਼ਰਾਈਲ ਨੇ ਖੇਡਿਆ ਵੱਡਾ ਦਾਅ ! ਸੰਸਦ 'ਚ ਪਾਸ ਕਰ'ਤਾ 'ਇਕਤਰਫ਼ਾ' ਬਿੱਲ
ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਕੂਲ ਨੂੰ ਘੇਰ ਲਿਆ, ਜਿਸ ਮਗਰੋਂ ਦੋਵਾਂ ਪਾਸਿਆਂ ਤੋਂ ਹੋਈ ਭਾਰੀ ਗੋਲੀਬਾਰੀ ਵਿੱਚ 9 ਅੱਤਵਾਦੀ ਮਾਰੇ ਗਏ। ਸੁਰੱਖਿਆ ਬਲਾਂ ਨੇ ਸਫਲਤਾਪੂਰਵਕ ਸਕੂਲ ਦਾ ਕਬਜ਼ਾ ਵਾਪਸ ਲੈ ਲਿਆ ਅਤੇ ਅੱਤਵਾਦੀਆਂ ਦਾ ਝੰਡਾ ਉਤਾਰ ਕੇ ਮੁੜ ਤੋਂ ਰਾਸ਼ਟਰੀ ਝੰਡਾ ਲਹਿਰਾਇਆ।
ਅੱਤਵਾਦੀਆਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਵਾਇਰਲ ਕੀਤੀ ਸੀ, ਜਿਸ ਵਿੱਚ ਉਹ ਸਕੂਲ 'ਤੇ ਕਬਜ਼ਾ ਕਰਨ ਅਤੇ ਆਪਣਾ ਝੰਡਾ ਲਹਿਰਾਉਣ ਦਾ ਦਾਅਵਾ ਕਰ ਰਹੇ ਸਨ। ਸੁਰੱਖਿਆ ਬਲਾਂ ਦੀ ਤੇਜ਼ ਕਾਰਵਾਈ ਨੇ ਉਨ੍ਹਾਂ ਦੇ ਇਸ ਪ੍ਰੋਪੇਗੰਡੇ ਨੂੰ ਫੇਲ੍ਹ ਕਰ ਦਿੱਤਾ ਹੈ। ਹਮਲੇ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਵੱਲੋਂ ਆਸ-ਪਾਸ ਦੇ ਇਲਾਕਿਆਂ ਵਿੱਚ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਜੋ ਬਾਕੀ ਬਚੇ ਅੱਤਵਾਦੀਆਂ ਜਾਂ ਉਨ੍ਹਾਂ ਦੇ ਮਦਦਗਾਰਾਂ ਨੂੰ ਫੜਿਆ ਜਾ ਸਕੇ। ਫਿਲਹਾਲ ਸਕੂਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਥਿਤੀ ਕੰਟਰੋਲ ਹੇਠ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- 1 ਅਪ੍ਰੈਲ ਤੋਂ ਮਹਿੰਗੀ ਹੋ ਜਾਏਗੀ ਬਿਜਲੀ ! ਇਰਾਨ ਜੰਗ ਕਾਰਨ ਸ਼੍ਰੀਲੰਕਾ ਸਰਕਾਰ ਨੇ ਲਿਆ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
