ICMR ਵੱਲੋਂ ਸਮਰਥਨ ਦੇ ਬਾਵਜੂਦ ਫਰਾਂਸ ਨੇ ਹਾਈਡ੍ਰੋਕਸੀਕਲੋਰੋਕਵਿਨ ਦੀ ਵਰਤੋਂ ''ਤੇ ਲਾਈ ਪਾਬੰਦੀ
Thursday, May 28, 2020 - 06:13 PM (IST)
ਪੈਰਿਸ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾਵਾਇਰਸ ਤੋਂ ਬਚਾਅ ਲਈ ਜਿਹੜੀ ਦਵਾਈ ਨੂੰ ਲਾਭਕਾਰੀ ਦੱਸ ਰਹੇ ਹਨ ਹੁਣ ਫਰਾਂਸ ਦੀ ਸਰਕਾਰ ਨੇ ਉਸ 'ਤੇ ਪਾਬੰਦੀ ਲਗਾ ਦਿੱਤੀ ਹੈ। ਫਰਾਂਸ ਦੇ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਪ੍ਰਕਾਸ਼ਿਤ ਇਕ ਡਿਕਰੀ ਦੇ ਮੁਤਾਬਕ ਕੋਰੋਨਾਵਾਇਰਸ ਦੇ ਇਲਾਜ ਦੇ ਰੂਪ ਵਿਚ ਹਾਈਡ੍ਰਕੋਸੀਕਲੋਰੋਕਵਿਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਸ਼ਹਿਰਾਂ ਜਾਂ ਹਸਪਤਾਲਾਂ ਵਿਚ ਕੋਵਿਡ-19 ਦੇ ਮਰੀਜ਼ਾਂ ਨੂੰ ਇਹ ਦਵਾਈ ਨਹੀਂ ਦਿੱਤੀ ਜਾਣੀ ਚਾਹੀਦੀ।''
ਭਾਰਤ ਨੇ ਅਮਰੀਕਾ ਸਮੇਤ ਹੋਰ ਦੇਸ਼ਾਂ ਨੂੰ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਦਿੱਤੀ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਦਵਾਈ ਦਾ ਟੈਸਟ ਕਰਵਾਇਆ। ਸੰਗਠਨ ਵੱਲੋਂ ਕਿਹਾ ਗਿਆ ਸੀ ਕਿ ਕਈ ਅਧਿਐਨਾਂ ਵਿਚ ਇਸ ਨੂੰ ਸੰਭਾਵਿਤ ਰੂਪ ਨਾਲ ਖਤਰਨਾਕ ਪਾਇਆ ਗਿਆ ਹੈ। ਹਾਈਡ੍ਰੋਕਸੀਕਲੋਰੋਕਵਿਨ ਦੀ ਵਰਤੋਂ ਆਥੇਂਰਾਈਟ ਅਤੇ ਲਿਊਪਸ ਜਿਹੀਆਂ ਬੀਮਾਰੀਆਂ ਦੇ ਇਲਾਜ ਵਿਚ ਕੀਤੀ ਜਾਂਦੀ ਹੈ। ਡੀ.ਡਬਲਊ.ਏ. ਦੀ ਰਿਪੋਰਟ ਦੇ ਮੁਤਾਬਕ ਅਜਿਹੀ ਗੱਲ ਸਾਹਮਣੇ ਆਉਣ ਦੇ ਬਾਅਦ ਵੀ ਹੁਣ ਫਰਾਂਸ ਦੀ ਸਰਕਾਰ ਨੇ ਕੋਵਿਡ-19 ਮਰੀਜ਼ਾਂ ਦੇ ਇਲਾਜ ਵਿਚ ਹਾਈਡ੍ਰੋਕਸੀਕਲੋਰੋਕਵਿਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਪਾਬੰਦੀ ਲਗਾਉਣ ਤੋਂ ਪਹਿਲਾਂ ਫਰਾਂਸ ਦੀਆਂ 2 ਸਲਾਹਕਾਰ ਸੰਸਥਾਵਾਂ ਅਤੇ ਵਿਸ਼ਵ ਸਿਹਤ ਸੰਗਠਨ ਦੀ ਚਿਤਾਵਨੀ ਦਾ ਵੀ ਹਵਾਲਾ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਫੈਲਦੇ ਪ੍ਰਕੋਪ ਨੂੰ ਦੇਖਦੇ ਹੋਏ ਕਈ ਡਾਕਟਰਾਂ ਨੇ ਦਵਾਈ ਦੀ ਸਲਾਹ ਦਿੱਤੀ, ਇਸ ਦੇ ਬਾਵਜੂਦ ਇਸ ਦਵਾਈ ਦੇ ਕੋਰੋਨਾਵਾਇਰਸ ਨਾਲ ਲੜਨ ਦੀ ਸਮਰੱਥਾ ਦੇ ਮੁਲਾਂਕਣ ਲਈ ਸ਼ੋਧ ਦੀ ਹਾਲੇ ਤੱਕ ਕਮੀ ਹੈ। ਪਰ ਫਰਾਂਸ ਦੇ ਨਵੇਂ ਨਿਯਮਾਂ ਦੇ ਤਹਿਤ ਇਸ ਦਵਾਈ ਦਾ ਹੁਣ ਸਿਰਫ ਕੋਰੋਨਾਵਾਇਰਸ ਦੇ ਵਿਰੁੱਧ ਸਮਰੱਥਾ ਦੀ ਜਾਂਚ ਕਰਨ ਲਈ ਕਲੀਨਿਕਲ ਟ੍ਰਾਇਲ ਵਿਚ ਵਰਤੋਂ ਕੀਤੀ ਜਾਵੇਗੀ। ਇਸ ਨਾਲ ਇਹ ਸਪਸ਼ੱਟ ਨਹੀਂ ਹੁੰਦਾ ਕਿ ਇਹੀ ਫ੍ਰਾਂਸੀਸੀ ਡਾਕਟਰ ਦਿਦਿਏਰ ਰਾਓਲ ਮਾਰਸੇਲ ਵਿਚ ਸਥਿਤ ਆਪਣੇ ਹਸਪਤਾਲ ਵਿਚ ਇਸ ਦੀ ਵਰਤੋਂ ਜਾਰੀ ਰੱਖ ਪਾਉਣਗੇ ਜਾਂ ਨਹੀਂ।
ਰਾਓਲ ਪਹਿਲਾਂ ਹੀ ਲਾਂਸੇਟ ਮੈਡੀਕਲ ਪੱਤਰਿਕਾ ਵਿਚ ਪਿਛਲੇ ਹਫਤੇ ਛਪੇ ਇਕ ਅਧਿਐਨ ਦੀ ਵਿਆਪਕ ਰਿਪੋਰਟ ਨੂੰ ਖਾਰਿਜ ਕਰ ਚੁੱਕੇ ਹਨ। ਇਸ ਅਧਿਐਨ ਵਿਚ ਪਾਇਆ ਗਿਆ ਸੀ ਕਿ ਹਾਈਡ੍ਰੋਕਸੀਕਲੋਰੋਕਵਿਨ ਜਾਂ ਉਸ ਨਾਲ ਸਬੰਧਤ ਕੰਪਾਊਂਡ ਕਲੋਰੋਕਵਿਨ ਨੂੰ ਦੇਣ ਨਾਲ ਕਈ ਮਰੀਜ਼ਾਂ ਵਿਚ ਮੌਤ ਦੀ ਦਰ ਦਾ ਖਤਰਾ ਵੱਧ ਗਿਆ। ਇਸ ਦਵਾਈ ਦੀ ਵਰਤੋਂ ਮਲੇਰੀਆ ਦੇ ਇਲਾਜ ਵਿਚ ਵੀ ਕੀਤੀ ਜਾਂਦੀ ਹੈ। ਇਸ ਨੂੰ ਫਰਾਂਸ ਦੀ ਦਵਾਈ ਕੰਪਨੀ ਸਨੋਫੀ ਪਲੈਕਵੇਨਿਲ ਬ੍ਰਾਂਡ ਦੇ ਨਾਮ ਨਾਲ ਵੇਚਦੀ ਹੈ। ਸਨੋਫੀ ਨੇ ਪ੍ਰਸਤਾਵ ਦਿੱਤਾ ਸੀ ਕਿ ਜੇਕਰ ਅਧਿਐਨਾਂ ਵਿਚ ਸਾਬਤ ਹੋ ਗਿਆ ਕਿ ਇਸ ਦਵਾਈ ਦੀ ਕੋਵਿਡ-19 ਦੇ ਵਿਰੁੱਧ ਸੁਰੱਖਿਅਤ ਰੂਪ ਨਾਲ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਉਹ ਇਸ ਦੀਆਂ ਲੱਖਾਂ ਡੋਜ਼ ਸਰਕਾਰਾਂ ਨੂੰ ਦੇ ਦੇਵੇਗੀ। ਫਰਾਂਸ ਦੇ ਇਸ ਕਦਮ ਨਾਲ ਹਾਈਡ੍ਰਕੋਸੀਕਲੋਰੋਕਵਿਨ 'ਤੇ ਵਿਵਾਦ ਵੱਧ ਗਿਆ ਹੈ।
ਭਾਰਤ ਦੀ ਸਰਵ ਉੱਚ ਬਾਇਓਮੈਡੀਕਲ ਸ਼ੋਧ ਸੰਸਥਾ ਆਈ.ਸੀ.ਐੱਮ.ਆਰ. ਨੇ ਇਸ ਦਾ ਸਮਰਥਨ ਕਰਦਿਆਂ ਕਿਹਾ ਕਿ ਇਸ ਦੇ ਕੋਈ ਸਾਈਡ ਇਫੈਕਟ ਨਹੀਂ ਹਨ। ਇਸੇ ਕਾਰਨ ਇਸ ਦੀ ਵਰਤੋਂ ਕੀਤੀ ਜਾ ਰਹੀ ਸੀ। ਜਿਹੜੇ ਦੇਸ਼ਾਂ ਨੇ ਇਸ ਦਵਾਈ ਦੀ ਵਰਤੋਂ ਕਰ ਕੇ ਦੇਖੀ ਉਹਨਾਂ ਦੇ ਉੱਥੇ ਮਰੀਜ਼ ਠੀਕ ਹੋ ਰਹੇ ਹਨ। ਉੱਥੇ ਜਿਹੜੇ ਦੇਸ਼ਾਂ ਨੂੰ ਇਸ 'ਤੇ ਵਿਸ਼ਵਾਸ ਨਹੀਂ ਹੋ ਪਾਇਆ ਹੈ ਉਹ ਇਸ ਤੋਂ ਦੂਰ ਭੱਜ ਰਹੇ ਹਨ ਜਾਂ ਰਿਪੋਰਟਾਂ ਦਾ ਹਵਾਲਾ ਦੇ ਕੇ ਨਾ ਵਰਤਣ ਦੀ ਗੱਲ ਕਰ ਰਹੇ ਹਨ। ਆਈ.ਸੀ.ਐੱਮ.ਆਰ. ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਲੋਕਾਂ ਨੂੰ ਅਜਿਹੀ ਗਲਤਫਹਿਮੀ ਵਿਚ ਨਹੀਂ ਪੈਣਾ ਚਾਹੀਦਾ ਕਿ ਉਹ ਸਿਰਫ ਇਕ ਦਵਾਈ ਲੈਣ ਅਤੇ ਬਾਕੀ ਕਿਸੇ ਹੋਰ ਨਿਯਮ ਦੀ ਪਾਲਣਾ ਨਾ ਕਰਨ। ਦਵਾਈ ਉਦੋਂ ਫਾਇਦਾ ਕਰੇਗੀ ਜਦੋਂ ਉਸ ਦੇ ਨਾਲ ਬਾਕੀ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।