ਭਾਰਤ ‘ਚ ਫਸੇ ਆਸਟਰੇਲੀਆ ਵਾਸੀਆਂ ਲਈ ਖੁਸ਼ੀ ਦੀ ਖਬਰ (ਵੀਡੀਓ)

04/08/2020 6:00:51 PM

ਮੈਲਬੌਰਨ/ਨਵੀਂ ਦਿੱਲੀ- ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। ਭਾਰਤ ਵਲੋਂ ਮਾਰਚ ਮਹੀਨੇ ਤੋਂ ਹੀ ਸਾਰੀਆਂ ਅੰਤਰਰਾਸ਼ਟਰੀ ਵਪਾਰਕ ਉਡਾਣਾਂ 'ਤੇ ਰੋਕ ਲਗਾ ਦਿੱਤੀ ਗਈ ਸੀ। ਅਜਿਹੇ ਵਿਚ ਕਈ ਵਿਦੇਸ਼ੀ ਨਾਗਰਿਕ ਭਾਰਤ ਵਿਚ ਫਸ ਗਏ ਸਨ, ਜਿਹਨਾਂ ਵਿਚ ਆਸਟਰੇਲੀਆਈ ਵੀ ਸ਼ਾਮਲ ਹਨ। ਇਹਨਾਂ ਆਸਟਰੇਲੀਆਈ ਨਾਗਰਿਕਾਂ ਦੀ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਭਾਰਤ ਆਸਟਰੇਲੀਆ ਰਣਨੀਤਿਕ ਗਠਜੋੜ ਦੀਆਂ ਕੋਸ਼ਿਸ਼ਾਂ ਸਦਕਾ ਆਉਣ ਵਾਲੇ ਦਿਨਾਂ ਵਿਚ ਸਪੈਸ਼ਲ ਫਲਾਈਟਾਂ ਰਾਹੀਂ ਆਸਟਰੇਲੀਆ ਵਾਪਸੀ ਕਰਵਾਈ ਜਾਵੇਗੀ।

PunjabKesari

ਭਾਰਤ ਆਸਟਰੇਲੀਆ ਰਣਨੀਤਿਕ ਗਠਜੋੜ (ਆਈ.ਏ.ਐਸ.ਏ.) ਦੇ ਚੇਅਰਮੈਨ ਡਾਕਟਰ ਜਗਵਿੰਦਰ ਸਿੰਘ ਵਿਰਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਆਈ.ਏ.ਐਸ.ਏ. ਵਲੋਂ ਭਾਰਤ ਵਿਚ ਫਸੇ ਆਸਟਰੇਲੀਆਈ ਲੋਕਾਂ ਦੀ ਵਤਨ ਵਾਪਸੀ ਲਗਾਤਾਰ ਕੀਤੇ ਜਾ ਰਹੇ ਯਤਨ ਰੰਗ ਲਿਆਏ ਹਨ। ਇਸ ਸਬੰਧੀ ਭਾਰਤ ਸਰਕਾਰ ਵਲੋਂ ਸਾਰੀ ਕਾਰਵਾਈ ਪੂਰੀ ਕਰ ਲਈ ਗਈ ਹੈ ਤੇ ਆਸਟਰੇਲੀਆਈ ਨਾਗਰਿਕਾਂ ਨੂੰ ਈਮੇਲ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪਹਿਲੀ ਚਾਰਟਡ ਲਾਇਨ ਏਅਰ ਦੀ ਫਲਾਈਟ ਭਾਰਤ ਤੋਂ ਸ਼ੁੱਕਰਵਾਰ ਨੂੰ ਉਡਾਣ ਭਰ ਕੇ ਸ਼ਨੀਵਾਰ ਨੂੰ ਮੈਲਬੌਰਨ ਪਹੁੰਚੇਗੀ। ਇਸ ਤੋਂ ਇਲਾਵਾ ਭਾਰਤ ਵਿਚੋਂ ਆਸਟਰੇਲੀਆਈ ਨਾਗਰਿਕਾਂ ਨੂੰ ਕੱਢਣ ਲਈ ਹੋਰ ਉਡਾਣਾਂ ਦਾ ਵੀ ਪ੍ਰਬੰਧੀ ਕੀਤਾ ਜਾ ਰਿਹਾ ਹੈ। ਭਾਰਤ ਵਿਚ ਫਸੇ ਹਜ਼ਾਰਾਂ ਲੋਕਾਂ ਨੂੰ ਇਸ ਸਬੰਧੀ ਈਮੇਲਾਂ ਭੇਜੀਆਂ ਜਾ ਰਹੀਆਂ ਹਨ।

PunjabKesari

ਇਸ ਦੌਰਾਨ ਡਾਕਟਰ ਵਿਰਕ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਅਸੀਂ ਬਹੁਤ ਮੁਸ਼ਕਲ ਦੌਰ ਤੋਂ ਲੰਘ ਰਹੇ ਸੀ ਪਰ ਸਾਰਿਆਂ ਦੀ ਮਿਹਨਤ ਸਦਕਾ ਚਾਰਟਡ ਫਲਾਈਟਾਂ ਮੁੜ ਸ਼ੁਰੂ ਹੋਈਆਂ। ਇਸ ਦੌਰਾਨ ਡਾਕਟਰ ਜਗਵਿੰਦਰ ਵਿਰਕ ਨੇ ਇਸ ਮੁਸ਼ਕਲ ਘੜੀ ਵਿਚ ਸਾਥ ਦੇਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਕਿ ਉਹਨਾਂ ਨੂੰ ਅਜਿਹੇ ਵੀ ਲੋਕਾਂ ਦੀ ਮਦਦ ਕਰਨ ਦਾ ਮੌਕਾ ਮਿਲਿਆ ਜਿਹਨਾਂ ਨੂੰ ਉਹ ਜਾਣਦੇ ਵੀ ਨਹੀਂ ਸਨ।


Baljit Singh

Content Editor

Related News