ਗਲਾਸਗੋ ਵਿਖੇ "ਬੁੱਤ ਹਟਾਓ" ਬਨਾਮ "ਬੁੱਤ ਬਚਾਓ" ਦੀ ਕਸ਼ਮਕਸ਼ ਨੇ ਜ਼ੋਰ ਫੜ੍ਹਿਆ

Saturday, Jun 13, 2020 - 10:11 PM (IST)

ਗਲਾਸਗੋ ਵਿਖੇ "ਬੁੱਤ ਹਟਾਓ" ਬਨਾਮ "ਬੁੱਤ ਬਚਾਓ" ਦੀ ਕਸ਼ਮਕਸ਼ ਨੇ ਜ਼ੋਰ ਫੜ੍ਹਿਆ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) - ਗਲਾਸਗੋ ਦੇ ਜੌਰਜ ਸਕੁਏਅਰ ਵਿਖੇ ਅੱਜ ਮੀਂਹ ਪੈਂਦੇ ਵਿੱਚ ਵੀ ਹਜ਼ਾਰਾਂ ਲੋਕਾਂ ਨੇ ਲੌਇਲਿਸਟ ਡਿਫੈਂਸ ਗਰੁੱਪ ਦੇ ਸੱਦੇ ਅਨੁਸਾਰ ਪਹੁੰਚ ਕੇ ਹਾਜਰੀ ਭਰੀ।

ਜ਼ਿਕਰਯੋਗ ਹੈ ਕਿ ਲੌਇਲਿਸਟ (ਵਫ਼ਾਦਾਰ) ਡਿਫੈਂਸ ਗਰੁੱਪ ਵੱਲੋਂ ਜੌਰਜ ਸਕੁਏਅਰ ਵਿਖੇ ਬਣੇ ਵਿਸ਼ਵ ਯੁੱਧ ਸਮਾਰਕ ਨੂੰ ਕਿਸੇ ਵੱਲੋਂ ਵੀ ਨੁਕਸਾਨ ਨਾ ਪਹੁੰਚਾਇਆ ਜਾ ਸਕੇ, ਇਸ ਮੰਤਵ ਲਈ ਰਾਖੀ ਦੇ ਤੌਰ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਹ ਵੀ ਦੱਸ ਦਈਏ ਕਿ ਕੱਲ੍ਹ ਨੂੰ ਗਲਾਸਗੋ ਦੀ ਹੀ ਇੱਕ ਸੰਸਥਾ ਵੱਲੋਂ ਸਰ ਰਾਬਰਟ ਪੀਲ ਦਾ ਬੁੱਤ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਣਾ ਹੈ।

ਸਾਬਕਾ ਮਰਹੂਮ ਪ੍ਰਧਾਨ ਮੰਤਰੀ ਨੂੰ ਸਮਰਪਿਤ ਜੌਰਜ ਸਕੁਏਅਰ ਯਾਦਗਾਰ 'ਤੇ ਰੰਗ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਪਿਤਾ ਦਾ ਗੁਲਾਮ ਵਪਾਰ ਨਾਲ ਸੰਬੰਧ ਰਿਹਾ ਸੀ। ਗਲਾਸਗੋ ਕੈਥਡਰਲ ਸਕੁਏਅਰ ਵਿਖੇ ਵੀ ਵਿਲੀਅਮ ਆਫ਼ ਔਰੇਂਜ ਦੇ ਬੁੱਤ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ 14 ਜੂਨ ਨੂੰ "ਪੀਲ ਦਾ ਬੁੱਤ ਜ਼ਰੂਰ ਡਿੱਗਣਾ ਚਾਹੀਦੈ" ਦੇ ਨਾਅਰੇ ਨਾਲ ਕੱਲ੍ਹ ਨੂੰ ਗਲਾਸਗੋ ਵਿਖੇ ਇੱਕ ਹੋਰ ਪ੍ਰਦਰਸ਼ਨ ਵੀ ਹੋਣ ਜਾ ਰਿਹਾ ਹੈ। ਪ੍ਰਦਰਸ਼ਨਾਂ ਦੀ ਹੋੜ ਵਿੱਚ ਕਿੱਧਰੇ ਕੋਈ ਮੰਦਭਾਗੀ ਘਟਨਾ ਨਾ ਵਾਪਰੇ, ਕੋਈ ਜਾਨੀ ਨੁਕਸਾਨ ਨਾ ਹੋ ਜਾਵੇ, ਜ਼ਿੰਮੇਵਾਰ ਸ਼ਹਿਰੀ ਇਸ ਗੱਲੋਂ ਵੀ ਚਿੰਤਤ ਦਿਖਾਈ ਦੇ ਰਹੇ ਹਨ, ਜੋ ਵੀ ਹੈ ਇਸ "ਬੁੱਤ ਹਟਾਓ ਮੁਹਿੰਮ" ਅਤੇ "ਬੁੱਤ ਬਚਾਓ ਮੁਹਿੰਮ" ਦੀ ਖਹਿਬਾਜ਼ੀ ਵਿੱਚ ਕੋਰੋਨਾਵਾਇਰਸ ਦਾ ਭੈਅ, ਚਰਚਾ ਕਿੱਧਰੇ ਗੁੰਮ ਹੋ ਗਈ ਜਾਪਦੀ ਹੈ।


author

Sanjeev

Content Editor

Related News