ਸਕਾਟਲੈਂਡ: ਗਲਾਸਗੋ ਨੇ ਕੋਪ 26 ਸੰਮੇਲਨ ਤੋਂ ਪਹਿਲਾਂ ਜਤਾਈ ਜਲਵਾਯੂ ਤਬਦੀਲੀ ਪ੍ਰਤੀ ਵਚਨਬੱਧਤਾ

Friday, Jul 23, 2021 - 03:16 PM (IST)

ਸਕਾਟਲੈਂਡ: ਗਲਾਸਗੋ ਨੇ ਕੋਪ 26 ਸੰਮੇਲਨ ਤੋਂ ਪਹਿਲਾਂ ਜਤਾਈ ਜਲਵਾਯੂ ਤਬਦੀਲੀ ਪ੍ਰਤੀ ਵਚਨਬੱਧਤਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਇਸ ਸਾਲ ਦਾ ਸੰਯੁਕਤ ਰਾਸ਼ਟਰ ਦਾ ਕੋਪ 26 ਸੰਮੇਲਨ ਗਲਾਸਗੋ ਵਿੱਚ ਕੀਤਾ ਜਾ ਰਿਹਾ ਹੈ। ਤਕਰੀਬਨ ਤਿੰਨ ਮਹੀਨੇ ਬਾਅਦ ਹੋ ਰਹੇ ਇਸ ਸੰਮੇਲਨ ਤੋਂ ਪਹਿਲਾਂ ਗਲਾਸਗੋ ਸ਼ਹਿਰ ਨੇ ਜਲਵਾਯੂ ਤਬਦੀਲੀ ਪ੍ਰਤੀ ਸੁਹਿਰਦ ਕੋਸ਼ਿਸ਼ਾਂ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਹੈ। ਇਸ ਸੰਮੇਲਨ ਵਿੱਚ ਦੁਨੀਆ ਭਰ ਵਿੱਚੋਂ ਵਿਸ਼ਵ ਨੇਤਾ ਗਲਾਸਗੋ ਸ਼ਹਿਰ ਵਿੱਚ ਹੋਣਗੇ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਸ ਸੰਮੇਲਨ ਦੌਰਾਨ ਮੌਸਮੀ ਤਬਦੀਲੀ ਨਾਲ ਨਜਿੱਠਣ ਲਈ ਇੱਕ ਨਵੇਂ ਸਮਝੌਤੇ 'ਤੇ ਸਹਿਮਤੀ ਬਣ ਜਾਵੇਗੀ। 

ਇਹਨਾਂ ਯਤਨਾਂ ਦੇ ਹਿੱਸੇ ਵਜੋਂ ਗਲਾਸਗੋ ਨੇ ਸੰਮੇਲਨ ਤੋਂ ਪਹਿਲਾਂ ਕਾਰਜਸ਼ੀਲ ਕਰਨ ਲਈ ਵਾਅਦਾ ਕੀਤਾ ਹੈ। ਇਸ ਲਈ ਇੱਕ ਪਾਇਲਟ ਪ੍ਰੋਗਰਾਮ ਤਹਿਤ ਕਮਿਊਨਿਟੀਆਂ ਅਤੇ ਕਾਰੋਬਾਰਾਂ ਦੇ ਕੰਮ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਊਰਜਾ ਦੀ ਖਪਤ ਨੂੰ ਘੱਟ ਕਰਨ ਦੇ ਨਾਲ ਅਰਥਚਾਰੇ ਦੀ ਸਿਰਜਣਾ ਕੀਤੀ ਜਾਵੇ। ਜਿਸ ਨਾਲ ਦੂਸਰੇ ਲੋਕਾਂ ਨੂੰ ਨੁਕਸਾਨ ਨਾ ਪਹੁੰਚੇ। ਗਲਾਸਗੋ ਸਿਟੀ ਕੌਂਸਲ ਦੀ ਸੁਜ਼ਨ ਐਟਕਨ ਅਨੁਸਾਰ ਗਲਾਸਗੋ ਇਹ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੈ ਕਿ ਆਰਥਿਕਤਾ ਵਿੱਚ ਤਬਦੀਲੀ ਗਲਾਸਗੋ ਦੇ ਲੋਕਾਂ ਲਈ ਚੰਗੀਆਂ ਨੌਕਰੀਆਂ ਅਤੇ ਅਵਸਰ ਪੈਦਾ ਕਰੇਗੀ ਅਤੇ ਕੋਪ 26 ਲਈ ਮੇਜ਼ਬਾਨ ਸ਼ਹਿਰ ਹੋਣ ਲਈ ਗਲਾਸਗੋ ਨੂੰ ਇੱਕ ਵਧੀਆ ਵਾਤਾਵਰਨ ਦੇਣ ਦੀ ਜਰੂਰਤ ਹੈ, ਜਿਸ ਨਾਲ ਸਾਰੇ ਲੋਕ ਸਿਹਤਮੰਦ, ਚੰਗੇ ਅਤੇ ਵਧੇਰੇ ਖੁਸ਼ਹਾਲ ਜ਼ਿੰਦਗੀ ਜਿਉਂ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਬਰਤਾਨੀਆ ਨੇ ਦਰਜਨ ਤੋਂ ਜ਼ਿਆਦਾ ਜ਼ਿੰਬਾਬਵੇ ਨਿਵਾਸੀ ਇਸ ਵਜ੍ਹਾ ਕਾਰਨ ਕੀਤੇ ਡਿਪੋਰਟ

ਇਸਦੇ ਇਲਾਵਾ ਸਕਾਟਲੈਂਡ ਦੀ ਸਰਕਾਰ ਨੇ ਮੌਸਮ ਤਬਦੀਲੀ ਬਾਰੇ ਪੈਰਿਸ ਦੇ ਪਿਛਲੇ ਸਮਝੌਤੇ ਦੀ ਪੂਰਤੀ ਲਈ ਸਹਿਮਤੀ ਬਣਾਉਣ ਦੇ ਆਪਣੇ ਉਦੇਸ਼ ਵੀ ਤੈਅ ਕੀਤੇ ਹਨ। ਸਕਾਟਲੈਂਡ ਨੇ 1.5 ਡਿਗਰੀ ਤੋਂ ਵੱਧ ਦੀ ਤਪਸ਼ ਨੂੰ ਰੋਕਣ ਲਈ ਰਾਸ਼ਟਰੀ ਪੱਧਰ 'ਤੇ ਨਿਰਧਾਰਤ ਯੋਗਦਾਨ (ਐਨ ਡੀ ਸੀ) ਵੀ ਪ੍ਰਕਾਸ਼ਤ ਕੀਤਾ ਹੈ। ਇਸ ਵਿਚ 2030 ਦਾ ਟੀਚਾ ਹੈ ਕਿ ਸਾਰੀਆਂ ਵੱਡੀਆਂ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘੱਟੋ ਘੱਟ 75% ਘਟਾਉਣਾ ਹੈ। ਜ਼ਿਕਰਯੋਗ ਹੈ ਕਿ ਕੋਪ 26 ਸੰਮੇਲਨ ਨਵੰਬਰ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਐੱਸ ਈ ਸੀ ਵਿੱਚ ਹੋਣ ਵਾਲਾ ਹੈ। ਵਿਸ਼ਵ ਭਰ ਦੇ ਦਿੱਗਜ ਨੇਤਾ ਜਿਵੇਂ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਰੂਸ ਦੇ ਵਲਾਦੀਮੀਰ ਪੁਤਿਨ, ਚੀਨ ਦੇ ਸ਼ੀ ਜਿਨਪਿੰਗ ਅਤੇ ਪੋਪ ਫਰਾਂਸਿਸ ਆਦਿ ਇਸ ਸੰਮੇਲਨ ਲਈ ਗਲਾਸਗੋ ਵਿੱਚ ਹੋ ਸਕਦੇ ਹਨ।


author

Vandana

Content Editor

Related News