ਗਲਾਸਗੋ: ਰੋਸ ਪ੍ਰਦਰਸ਼ਨ ਦੌਰਾਨ 20 ਤੋਂ ਵੱਧ ਕਾਰਕੁੰਨਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
Monday, Nov 08, 2021 - 01:06 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਵਿਚ ਸ਼ਨੀਵਾਰ ਨੂੰ ਕੋਪ 26 ਦੌਰਾਨ ਵਿਸ਼ਵ ਭਰ ਦੇ ਹਜ਼ਾਰਾਂ ਜਲਵਾਯੂ ਕਾਰਕੁੰਨਾਂ ਵੱਲੋਂ ਕੱਢੇ ਗਏ ਵਿਸ਼ਾਲ ਪ੍ਰਦਰਸ਼ਨ ਦੌਰਾਨ ਪੁਲਸ ਵੱਲੋਂ 20 ਤੋਂ ਵੱਧ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਸਕਾਟਲੈਂਡ ਦੇ ਪੁਲਸ ਮੁਖੀ ਅਨੁਸਾਰ ਜਲਵਾਯੂ ਨਿਆਂ ਲਈ ਕੱਢੇ ਮਾਰਚ ਵਿਚ ਤਕਰੀਬਨ 100,000 ਤੋਂ ਵੱਧ ਲੋਕਾਂ ਨੂੰ ਗਲਾਸਗੋ ਦੀਆਂ ਸੜਕਾਂ 'ਤੇ ਵੇਖਿਆ ਗਿਆ। ਇਹ ਮਾਰਚ ਬਹੁਤ ਹੱਦ ਤੱਕ ਬਿਨਾਂ ਕਿਸੇ ਘਟਨਾ ਦੇ ਸ਼ਾਂਤੀਪੂਰਵਕ ਪੂਰਾ ਹੋਇਆ। ਹਾਲਾਂਕਿ ਇਸ ਦੌਰਾਨ ਕੁੱਝ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਅਸਿਸਟੈਂਟ ਚੀਫ ਕਾਂਸਟੇਬਲ ਗੈਰੀ ਰਿਚੀ ਨੇ ਖ਼ੁਲਾਸਾ ਕੀਤਾ ਕਿ ਪ੍ਰਦਰਸ਼ਨ ਦੌਰਾਨ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ ਸੀ।
ਪ੍ਰੋਟੈਸਟ ਰਿਮੂਵਲ ਟੀਮ ਦੇ ਨਾਲ ਬਰੂਮੀਲਾਅ ਵਿਖੇ ਕਿੰਗ ਜਾਰਜ V ਬ੍ਰਿਜ 'ਤੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅਫ਼ਸਰਾਂ ਨੂੰ ਬੋਲਟ ਕਟਰ ਦੀ ਵਰਤੋਂ ਕਰਨੀ ਪਈ। ਪੁਲਸ ਮੁਖੀ ਨੇ ਪ੍ਰਦਰਸ਼ਨਕਾਰੀਆਂ ਦੇ ਸਹਿਯੋਗੀ ਰਵੱਈਏ ਅਤੇ ਆਪਣੇ ਅਫ਼ਸਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਯੂਥ ਮਾਰਚ ਅਤੇ ਜਲਵਾਯੂ ਮਾਰਚ ਦੋਵਾਂ ਵਿਚ ਸ਼ਾਮਲ ਹੋਣ ਵਾਲੇ ਬਹੁਤ ਸਾਰੇ ਲੋਕਾਂ ਦਾ ਧੰਨਵਾਦ ਕੀਤਾ।