ਗਲਾਸਗੋ: ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ ਵੱਲੋਂ ਇੰਡੀਆ ਡੇਅ ਮਨਾਇਆ ਗਿਆ
Friday, Sep 03, 2021 - 02:37 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ (ਏ. ਆਈ. ਓ.) ਵੱਲੋਂ ਗਲਾਸਗੋ ਵਿਖੇ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਸਬੰਧ ਵਿਚ ਇੰਡੀਆ ਡੇਅ ਮਨਾਇਆ ਗਿਆ। ਸਮਾਗਮ ਦੌਰਾਨ ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਸ਼੍ਰੀ ਬਿਜੇ ਸੇਲਵਰਾਜ ਅਤੇ ਹੈੱਡ ਆਫ ਚਾਂਸਰੀ ਸੱਤਿਆਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਅੰਕਨਾ ਅਰੋਕੀਅਮ, ਮਰਿਦੁਲਾ ਚੱਕਰਬਰਤੀ, ਸੋਹਨ ਸਿੰਘ ਰੰਧਾਵਾ, ਮੋਇਨਾ ਸੇਠੀ ਵੱਲੋਂ ਭਾਰਤੀ ਰਾਸ਼ਟਰੀ ਗਾਨ ਗਾ ਕੇ ਕੀਤੀ ਗਈ।
ਮਰਿਦੁਲਾ ਚੱਕਰਬਰਤੀ ਵੱਲੋਂ ਸ਼ੁਰੂਆਤੀ ਸੰਬੋਧਨ ਮੌਕੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਗਿਆ। ਸ੍ਰੀ ਵਿਜੇ ਸੇਲਵਰਾਜ ਅਤੇ ਸੱਤਿਆਵੀਰ ਸਿੰਘ ਵੱਲੋਂ ਇੰਡੀਆ ਡੇਅ ਸਮਾਗਮ ਦੀ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਇਸ ਸਮੇਂ ਹੋਏ ਰੰਗਾਰੰਗ ਪ੍ਰੋਗਰਾਮ ਦੌਰਾਨ ਕਰਿਸ਼ਾ ਸੇਠੀ ਵੱਲੋਂ ਨ੍ਰਿਤ ਦੀ ਪੇਸ਼ਕਾਰੀ ਕੀਤੀ ਗਈ। ਸਕਾਟਲੈਂਡ ਦੇ ਆਪਣੇ ਸੁਰੀਲੇ ਗਾਇਕ ਸੰਤੋਖ ਸੋਹਲ ਤੇ ਤਰੇਸ਼ ਨਾਹਰ ਨੇ ਇਕ ਤੋਂ ਬਾਅਦ ਇਕ ਗੀਤ ਗਾ ਕੇ ਹਾਜ਼ਰੀਨ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਇਸ ਸਮੇਂ ਬੈਂਕ ਆਫ ਇੰਡੀਆ ਦੇ ਮੈਨੇਜਰ ਅਰੁਣ ਬਾਬੂ ਦਾ ਏ.ਆਈ.ਓ. ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਏ.ਆਈ.ਓ. ਦੇ ਪ੍ਰਧਾਨ ਅੰਮ੍ਰਿਤਪਾਲ ਕੌਸ਼ਲ ਐੱਮ. ਬੀ. ਈ. ਤੇ ਸੋਹਣ ਸਿੰਘ ਵੱਲੋਂ ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਬੌਬ ਚੱਢਾ, ਅੰਬੇਦਕਰ ਸੁਸਾਇਟੀ ਵੱਲੋਂ ਐੱਸ. ਆਰ. ਬਾਘਾ, ਗਲਾਸਗੋ ਯੂਨੀਵਰਸਿਟੀ ਦੇ ਡਾਇਰੈਕਟਰ ਆਫ ਸਟੱਡੀਜ਼ ਰੌਬਰਟ ਪਾਰਟਰਿਜ਼, ਰਣਜੀਤ ਸਿੰਘ ਸੰਘਾ, ਕਮਲਜੀਤ ਸਿੰਘ ਭੁੱਲਰ, ਜਗਮੀਤ ਸਿੰਘ ਪੁਰਬਾ, ਹਰਜਿੰਦਰ ਬਰਮਨ, ਨੀਲਮ ਖੁਰਮੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਹਨਾਂ ਸਮੇਤ ਭਾਰੀ ਗਿਣਤੀ ਵਿਚ ਭਾਰਤੀ ਮੂਲ ਦੇ ਵਿਦਿਆਰਥੀ ਵੀ ਹਾਜ਼ਰ ਸਨ।