ਗਿਲਗਿਤ-ਬਾਲਤਿਸਤਾਨ ’ਚ ਲੋਕ ਇਮਰਾਨ ਦੇ ਖਿਲਾਫ ਕਰਨਗੇ ਭਾਰੀ ਵੋਟਿੰਗ : ਪੀ. ਪੀ. ਪੀ.
Tuesday, Nov 03, 2020 - 09:25 AM (IST)
ਇਸਲਾਮਾਬਾਦ- ਪਾਕਿਸਤਾਨ ਪੀਪਲਸ ਪਾਰਟੀ (ਪੀ. ਪੀ. ਪੀ.) ਦੇ ਪ੍ਰਧਾਨ ਬਿਲਾਵਲ ਭੁੱਟੋ ਜਰਦਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਗਿਲਗਿਤ-ਬਾਲਤਿਸਤਾਨ ਦੇ ਲੋਕ 15 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ’ਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਸਰਕਾਰ ਦੇ ਉਮੀਦਵਾਰਾਂ ਦੇ ਖਿਲਾਫ ਭਾਰੀ ਵੋਟਿੰਗ ਕਰਨਗੇ।
ਜਰਦਾਰੀ ਨੇ ਕਿਹਾ ਕਿ ਪੀ. ਪੀ. ਪੀ. ਗਿਲਗਿਤ-ਬਾਲਤਿਸਤਾਨ ਦੇ ਲੋਕਾਂ ਨੂੰ ਆਪਣਾ ਪ੍ਰਾਂਤ, ਸ਼ਾਸਨ ਅਤੇ ਜਾਇਦਾਦ ਦਾ ਅਧਿਕਾਰ ਅਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਚੁਣਨ ਦਾ ਅਧਿਕਾਰ ਪ੍ਰਦਾਨ ਕਰੇਗੀ ਕਿਉਂਕਿ ਪਾਰਟੀ ਨੇ ਪਾਕਿਸਤਾਨ ’ਚ 2018 ਦੀਆਂ ਆਮ ਚੋਣਾਂ ਲਈ ਆਪਣੇ ਐਲਾਨ ਪੱਤਰ ’ਚ ਇਨ੍ਹਾਂ ਮੰਗਾਂ ਨੂੰ ਸ਼ਾਮਲ ਕੀਤਾ ਸੀ।
ਉਨ੍ਹਾਂ ਨੇ ਇਮਰਾਨ ਖਾਨ ਸਰਕਾਰ ’ਤੇ ਨਿਸ਼ਾਨ ਲਗਾਇਆ, ਉਨ੍ਹਾਂ ਦੇ ਤਬਦੀਲੀ ਦੇ ਨਾਅਰੇ ਦਾ ਮਤਲਬ ਹੈ ਪਾਕਿਸਤਾਨ ਦਾ ਵਿਨਾਸ਼। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਮੰਤਰੀ ਮੰਡਲ ਨੇ ਗਿਲਗਿਤ-ਬਾਲਤਿਸਤਾਨ ਲਈ ਇਕ ਵੱਖਰੇ ਪ੍ਰਾਂਤ ਦੀ ਮੰਗ ਨੂੰ ਖਾਰਿਜ਼ ਕਰ ਦਿੱਤਾ ਸੀ ਅਤੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ।
ਜਰਦਾਰੀ ਨੇ ਕਿਹਾ ਕਿ ਅੱਜ ਸਮਾਜ ਦੇ ਹਰ ਵਰਗ ਦੇ ਲੋਕ ਇਮਰਾਨ ਖਾਨ ਅਤੇ ਉਨ੍ਹਾਂ ਦੀਆਂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਗਰੀਬੀ, ਭੁੱਖਮਰੀ, ਮਹਿੰਗਾਈ ਅਤੇ ਪਾਕਿਸਤਾਨ ਨੂੰ ਬੇਰੁਜ਼ਗਾਰੀ ਦਿੱਤੀੋ ਹੈ। ਪੀ. ਪੀ. ਪੀ. ਨੇ ਹਮੇਸ਼ਾ ਗਰੀਬਾਂ ਨੂੰ ਸਬਸਿਡੀ ਦਿੱਤੀ ਜਦਕਿ ਇਮਰਾਨ ਖਾਨ ਨੇ ਅਮੀਰਾਂ ਲਈ ਮੁਆਫੀ ਦੀ ਸ਼ੁਰੂਆਤ ਕੀਤੀ। ਹੁਣ ਇਮਰਾਨ ਖਾਨ ਆਪਣੇ ਦੋਸਤਾਂ ਨੂੰ ਗਿਲਗਿਤ-ਬਾਲਤਿਸਤਾਨ ਦਾ ਸੈਰ-ਸਪਾਟਾ ਖੇਤਰ ਸੌਂਪਣਾ ਚਾਹੁੰਦੇ ਹਨ, ਪਰ ਅਸੀਂ ਅਜਿਹਾ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਗਿਲਗਿਤ-ਬਾਲਤਿਸਤਾਨ ਦੇ ਮੁੱਦੇ ’ਤੇ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ ਵੱਡੇ ਪੈਮਾਨੇ ’ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।