ਕੋਰੋਨਾ ਆਫ਼ਤ : ਜਰਮਨੀ ''ਚ ਲਗਾਈ ਗਈ ਸਖ਼ਤ ਤਾਲਾਬੰਦੀ
Wednesday, Dec 16, 2020 - 05:55 PM (IST)
ਬਰਲਿਨ (ਭਾਸ਼ਾ): ਕੋਵਿਡ-19 ਮਰੀਜ਼ਾਂ ਦੀ ਮੌਤ ਦੇ ਮਾਮਲਿਆਂ ਵਿਚ ਵਾਧਾ ਹੋਣ ਕਾਰਨ ਜਰਮਨੀ ਵਿਚ ਬੁੱਧਵਾਰ ਨੂੰ ਸਖਤ ਤਾਲਾਬੰਦੀ ਦੀ ਸ਼ੁਰੂਆਤ ਕੀਤੀ ਗਈ। ਕੋਰੋਨਾਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਕਮੀ ਲਿਆਉਣ ਲਈ ਦੁਕਾਨਾਂ ਅਤੇ ਸਕੂਲਾਂ ਨੂੰ ਵੀ ਬੰਦ ਕੀਤਾ ਗਿਆ ਹੈ। ਦੇਸ਼ ਦੇ ਰੋਗ ਕੰਟਰੋਲ ਕੇਂਦਰ 'ਰੌਬਰਟ ਕੋਚ ਇੰਸਟੀਚਿਊਟ' ਦੇ ਮੁਤਾਬਕ, ਜਰਮਨੀ ਵਿਚ ਪਿਛਲੇ 7 ਦਿਨਾਂ ਵਿਚ ਪ੍ਰਤੀ ਇਕ ਲੱਖ ਵਸਨੀਕਾਂ 'ਤੇ ਕੋਵਿਡ-19 ਦੇ 179.8 ਮਰੀਜ਼ਾਂ ਦੀ ਮੌਤ ਹੋਈ ਜੋ ਕਿ ਪਿਛਲੇ ਹਫਤੇ ਨਾਲੋਂ ਕਾਫੀ ਵੱਧ ਹੈ। ਇਸ ਤੋ ਪਿਛਲੇ ਹਫਤੇ ਪ੍ਰਤੀ ਇਕ ਲੱਖ ਵਸਨੀਕਾਂ 'ਤੇ 149 ਮੌਤਾਂ ਹੋਈਆਂ ਸਨ।
ਇਸ ਦੇ ਮੁਤਾਬਕ, ਜਰਮਨੀ ਦੇ 16 ਰਾਜਾਂ ਵਿਚ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿਚ ਵੀ ਵਾਧਾ ਦਰਜ ਕੀਤਾ ਗਿਆ ਜੋ ਕਿ 952 ਰਿਹਾ ਜੋਕਿ ਪਿਛਲੇ ਸ਼ੁੱਕਰਵਾਰ ਨੂੰ ਹੋਈਆਂ 598 ਮੌਤਾਂ ਨਾਲੋਂ ਕਾਫੀ ਜ਼ਿਆਦਾ ਸੀ। ਜਰਮਨੀ ਵਿਚ ਹੁਣ ਤੱਕ ਇਸ ਜਾਨਲੇਵਾ ਵਾਇਰਸ ਦੇ ਕਾਰਨ 23,427 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਕਤੂਬਰ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਨਵੰਬਰ ਦੀ ਸ਼ੁਰੂਆਤ ਵਿਚ ਜਰਮਨੀ ਵਿਚ 'ਹਲਕੀ ਤਾਲਾਬੰਦੀ' ਲਗਾਈ ਗਈ ਸੀ, ਜਿਸ ਦੇ ਤਹਿਤ ਬਾਰ ਅਤੇ ਰੈਸਟੋਰੈਂਟ ਬੰਦ ਰੱਖੇ ਗਏ ਸਨ ਪਰ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਸੀ।
ਪੜ੍ਹੋ ਇਹ ਅਹਿਮ ਖਬਰ- ਭਾਰਤੀ-ਅਮਰੀਕੀ ਰਾਜਾ ਚਾਰੀ ਸਣੇ ਤਿੰਨ ਸਪੇਸ ਯਾਤਰੀਆਂ ਦੀ ਮੁਹਿੰਮ ਲਈ ਚੋਣ
ਹੁਣ ਨਵੇਂ ਮਾਮਲਿਆਂ ਅਤੇ ਮਰੀਜ਼ਾਂ ਦੀ ਮੌਤ ਦੀ ਗਿਣਤੀ ਵਿਚ ਵਾਧੇ ਦੇ ਕਾਰਨ ਤਾਲਾਬੰਦੀ ਦੇ ਤਹਿਤ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਕ੍ਰਿਸਮਸ ਤੋਂ ਪਹਿਲਾਂ ਦੁਕਾਨਾਂ ਅਤੇ ਸਕੂਲ ਬੰਦ ਕੀਤੇ ਜਾਣ ਦੇ ਨਾਲ ਹੀ ਨਿੱਜੀ ਪ੍ਰੋਗਰਾਮ ਵਿਚ ਇਕੱਠੇ ਹੋਣ ਵਾਲੇ ਲੋਕਾਂ ਦੀ ਵੱਧ ਤੋਂ ਵੱਧ ਗਿਣਤੀ ਪੰਜ ਤੈਅ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈਕਿ ਇਹ ਪਾਬੰਦੀ 10 ਜਨਵਰੀ ਤੱਕ ਲਾਗੂ ਰਹਿ ਸਕਦੀ ਹੈ।