ਕੋਰੋਨਾ ਦੇ ਸੰਕਟ ਤੋਂ ਬਾਹਰ ਨਿਕਲਣ ਲਈ ਲੰਬਾ ਸਫਰ ਤੈਅ ਕਰਨੈ : ਜਰਮਨ ਚਾਂਸਲਰ
Tuesday, Apr 21, 2020 - 02:22 AM (IST)
ਬਰਲਿਨ - ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਨੇ ਪਾਬੰਦੀਆਂ ਵਿਚ ਕੁਝ ਢਿੱਲ ਵਿਚਾਲੇ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਲੜਾਈ ਵਿਚ ਅਨੁਸ਼ਾਸਿਤ ਰਹਿਣ। ਉਨ੍ਹਾਂ ਆਗਾਹ ਕੀਤਾ ਕਿ ਅਜੇ ਜਿੱਤ ਦਾ ਦਾਅਵਾ ਕਰਨ ਤੋਂ ਪਹਿਲਾਂ ਲੰਬਾ ਸਫਰ ਤੈਅ ਕਰਨਾ ਹੈ। ਮਰਕੇਲ ਨੇ ਪੱਤਰਕਾਰਾਂ ਨੂੰ ਆਖਿਆ ਕਿ ਅਸੀਂ ਮਹਾਮਾਰੀ ਦੀ ਸ਼ੁਰੂਆਤ 'ਤੇ ਖੜ੍ਹੇ ਹਾਂ ਅਤੇ ਅਜੇ ਇਸ ਸੰਕਟ ਤੋਂ ਬਾਹਰ ਨਿਕਲਣ ਲਈ ਲੰਬਾ ਸਫਰ ਤੈਅ ਕਰਨਾ ਹੈ। ਉਨ੍ਹਾਂ ਆਖਿਆ ਕਿ ਇਹ ਸਾਡੇ ਲਈ ਸ਼ਰਮਨਾਕ ਹੋਵੇਗਾ, ਜੇਕਰ ਅਸੀਂ ਅੱਖਾਂ ਖੁਲ੍ਹੀਆਂ ਰੱਖਣ ਦੇ ਬਾਵਜੂਦ ਮੌਤ ਵੱਲ ਤੁਰ ਪਈਏ।
ਦੱਸ ਦਈਏ ਕਿ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਯੂਰਪ ਵਿਚ ਖਾਸਾ ਦੇਖਣ ਨੂੰ ਮਿਲ ਰਿਹਾ ਸੀ ਪਰ ਹੁਣ ਇਸ ਦਾ ਪ੍ਰਕੋਪ ਪਹਿਲਾਂ ਨਾਲੋਂ ਘੱਟ ਦਰਜ ਕੀਤਾ ਜਾ ਰਿਹਾ ਹੈ। ਯੂਰਪ ਵਿਚ ਇਟਲੀ, ਸਪੇਨ, ਫਰਾਂਸ ਅਤੇ ਬਿ੍ਰਟੇਨ ਵਿਚ ਵੱਡੇ ਪੱਧਰ 'ਤੇ ਮੌਤਾਂ ਹੋਈਆਂ ਹਨ ਪਰ ਜਰਮਨੀ ਨੇ ਵਾਇਰਸ ਨੂੰ ਫੈਲਣ ਤੋਂ ਪਹਿਲਾਂ ਹੀ ਨੱਥ ਪਾ ਲਈ ਸੀ, ਜਿਸ ਕਾਰਨ ਉਥੇ ਵੱਡੀ ਗਿਣਤੀ ਵਿਚ ਜਾਨੀ ਨੁਕਸਾਨ ਨਹੀਂ ਹੋਇਆ।ਜਰਮਨੀ ਵਿਚ ਹੁਣ ਤੱਕ ਕੋਰੋਨਾ ਦੇ 1,46,653 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 4,706 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੇ ਪੱਧਰ 'ਤੇ 91,500 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।