ਕੈਨੇਡਾ ''ਚ ਹਜ਼ਾਰਾਂ ਲੋਕਾਂ ਦੀ ਜਾਵੇਗੀ ਨੌਕਰੀ, ਪੰਜਾਬੀ ਵੀ ਹੋ ਸਕਦੇ ਹਨ ਪ੍ਰਭਾਵਿਤ
Monday, Nov 26, 2018 - 05:08 PM (IST)
ਮਾਂਟਰੀਅਲ, (ਏਜੰਸੀ)— ਜਨਰਲ ਮੋਟਰਜ਼ ਸੋਮਵਾਰ ਨੂੰ ਇਕ ਵੱਡੀ ਘੋਸ਼ਣਾ ਕਰ ਸਕਦੀ ਹੈ, ਜਿਸ ਨਾਲ ਕੈਨੇਡਾ 'ਚ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਸਕਦੇ ਹਨ। ਰਿਪੋਰਟਾਂ ਮੁਤਾਬਕ ਕੰਪਨੀ ਓਂਟਾਰੀਓ ਸੂਬੇ ਦੇ ਆਪਣੇ ਵੱਡੇ ਵਾਹਨ ਅਸੈਂਬਲੀ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕਰ ਸਕਦੀ ਹੈ। ਕੈਨੇਡਾ 'ਚ ਆਟੋ ਵਰਕਰਾਂ ਦੇ ਜ਼ਿਆਦਾਤਰ ਸੰਗਠਨਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਯੂਨੀਫੋਰ ਨੇ ਕਿਹਾ ਕਿ ਉਨ੍ਹਾਂ ਨੂੰ ਜਨਰਲ ਮੋਟਰਜ਼ (ਜੀ. ਐੱਮ.) ਵੱਲੋਂ ਸੂਚਨਾ ਦਿੱਤੀ ਗਈ ਹੈ ਕਿ ਓਸ਼ਾਵਾ ਪਲਾਂਟ 'ਚ ਦਸੰਬਰ 2019 ਤੋਂ ਬਾਅਦ ਕੋਈ ਪ੍ਰਾਡਕਸ਼ਨ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਕੈਨੇਡਾ ਦੇ ਟੀ. ਵੀ. ਚੈਨਲਾਂ ਨੇ ਇਹ ਖਬਰ ਚਲਾਈ ਸੀ ਕਿ ਜੀ. ਐੱਮ. ਓਸ਼ਾਵਾ ਪਲਾਂਟ ਜੋ ਕਿ ਟਰਾਂਟੋ ਨੇੜੇ ਹੈ 'ਚ ਆਪਣੇ ਸਾਰੇ ਓਪਰੇਸ਼ਨ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਸ ਨਾਲ ਓਸ਼ਾਵਾ ਦੇ ਇਸ ਕਾਰਖਾਨੇ 'ਚ ਕੰੰਮ ਕਰਨ ਵਾਲੇ ਤਕਰੀਬਨ 3000 ਲੋਕਾਂ ਦੀ ਨੌਕਰੀ ਜਾਣ ਦਾ ਖਤਰਾ ਹੈ। ਇੱਥੇ ਕਾਫੀ ਗਿਣਤੀ 'ਚ ਪੰਜਾਬੀ ਵੀ ਰਹਿੰਦੇ ਹਨ ਅਤੇ ਹੋ ਸਕਦਾ ਹੈ ਕਿ ਉਹ ਵੀ ਇਸ ਕਾਰਖਾਨੇ 'ਚ ਨੌਕਰੀ ਕਰਦੇ ਹੋਣ। ਜੇਕਰ ਅਜਿਹਾ ਹੈ ਤਾਂ ਉਨ੍ਹਾਂ 'ਤੇ ਵੀ ਗਾਜ ਡਿੱਗ ਸਕਦੀ ਹੈ। ਕੈਨੇਡਾ ਦੇ ਟੀ.ਵੀ. ਚੈਨਲ ਮੁਤਾਬਕ ਕਈ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਅਮਰੀਕੀ ਕੰਪਨੀ ਜਨਰਲ ਮੋਟਰਜ਼ ਦੁਨੀਆ ਭਰ 'ਚ ਆਪਣੇ ਕਾਰੋਬਾਰ ਦਾ ਪੁਨਰਗਠਨ ਕਰਨ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਟੋਰਾਂਟੋ ਤੋਂ ਤਕਰੀਬਨ 60 ਕਿਲੋਮੀਟਰ ਦੂਰ ਇਹ ਕਾਰਖਾਨਾ ਓਸ਼ਾਵਾ 'ਚ 1953 'ਚ ਸਥਾਪਤ ਕੀਤਾ ਗਿਆ। ਇੱਥੇ ਤਕਰੀਬਨ 2500 ਲੋਕ ਕੰਮ ਕਰਦੇ ਹਨ। ਇਸ ਪਲਾਂਟ 'ਚ ਸ਼ੈਵਰਲੇ ਅਤੇ ਕੈਡੀਲੈਕ ਐਕਸ. ਟੀ. ਐੱਸ. ਸਿਡਾਨ ਦੋਹਾਂ ਦਾ ਪ੍ਰੋਡਕਸ਼ਨ ਵੀ ਹੁੰਦਾ ਹੈ। ਓਸ਼ਾਵਾ ਦੇ ਮੇਅਰ ਜਾਨ ਹੈਨਰੀ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਸਿਰਫ ਅਫਵਾਹ ਹੈ। ਜਦ ਤਕ ਅਸੀਂ ਸਪੱਸ਼ਟ ਕੁੱਝ ਜਾਣ ਨਹੀਂ ਲੈਂਦੇ ਤਦ ਤਕ ਅਸੀਂ ਕੁੱਝ ਨਹੀਂ ਕਹਿ ਸਕਦੇ।'' ਰਿਪੋਰਟਾਂ ਮੁਤਾਬਕ ਕੈਨੇਡਾ ਦੇ ਓਂਟਾਰੀਓ ਸੂਬੇ 'ਚ ਜਨਰਲ ਮੋਟਰਸ ਦੇ ਤਿੰਨ ਹੋਰ ਕਾਰਖਾਨੇ ਹਨ। ਅਜੇ ਤਕ ਇਹ ਸਪੱਸ਼ਟ ਨਹੀਂ ਹੋਇਆ ਕਿ ਕੀ ਇਨ੍ਹਾਂ 'ਤੇ ਵੀ ਇਸ ਦਾ ਕੋਈ ਅਸਰ ਹੋਵੇਗਾ ਜਾਂ ਨਹੀਂ।