ਜਨਰਲ ਅਸੀਮ ਮੁਨੀਰ ਨੇ ਪਾਕਿਸਤਾਨ ਦੇ ਨਵੇਂ ਫ਼ੌਜ ਮੁਖੀ ਵਜੋਂ ਸੰਭਾਲਿਆ ਅਹੁਦਾ

Tuesday, Nov 29, 2022 - 12:44 PM (IST)

ਜਨਰਲ ਅਸੀਮ ਮੁਨੀਰ ਨੇ ਪਾਕਿਸਤਾਨ ਦੇ ਨਵੇਂ ਫ਼ੌਜ ਮੁਖੀ ਵਜੋਂ ਸੰਭਾਲਿਆ ਅਹੁਦਾ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਸਾਬਕਾ ਮੁਖੀ ਜਨਰਲ ਅਸੀਮ ਮੁਨੀਰ ਨੇ ਮੰਗਲਵਾਰ ਨੂੰ ਦੇਸ਼ ਦੇ ਨਵੇਂ ਫ਼ੌਜ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਮੁਨੀਰ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ। ਬਾਜਵਾ ਨੂੰ 2016 'ਚ ਤਿੰਨ ਸਾਲਾਂ ਲਈ ਫੌਜ ਮੁਖੀ ਨਿਯੁਕਤ ਕੀਤਾ ਗਿਆ ਸੀ। ਸਾਲ 2019 ਵਿੱਚ ਉਨ੍ਹਾਂ ਨੂੰ ਤਿੰਨ ਸਾਲ ਦਾ ਐਕਸਟੈਂਸ਼ਨ ਦਿੱਤਾ ਗਿਆ ਸੀ। ਮੁਨੀਰ ਨੇ 'ਜਨਰਲ ਹੈੱਡਕੁਆਰਟਰ' 'ਚ ਆਯੋਜਿਤ ਇਕ ਸਮਾਰੋਹ 'ਚ ਅਹੁਦਾ ਸੰਭਾਲ ਲਿਆ ਅਤੇ ਇਸ ਦੇ ਨਾਲ ਹੀ ਉਹ 'ਆਰਮੀ ਸਟਾਫ਼' ਦੇ 17ਵੇਂ ਮੁਖੀ ਬਣ ਗਏ।

ਦੇਸ਼ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ 24 ਨਵੰਬਰ ਨੂੰ ਮੁਨੀਰ ਨੂੰ ਫ਼ੌਜ ਮੁਖੀ ਨਾਮਜ਼ਦ ਕੀਤਾ ਸੀ। ਪਾਕਿਸਤਾਨ ਵਿਚ ਅਤੀਤ ਵਿੱਚ ਕਈ ਵਾਰ ਤਖ਼ਤਾ ਪਲਟ ਹੋਇਆ ਹੈ, ਜਿੱਥੇ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਮਲਿਆਂ ਵਿੱਚ ਫ਼ੌਜ ਕੋਲ ਕਾਫ਼ੀ ਤਾਕਤ ਹੈ। ਮੁਨੀਰ ਪਹਿਲੇ ਅਜਿਹੇ ਫ਼ੌਜ ਮੁਖੀ ਹਨ, ਜਿਨ੍ਹਾਂ ਨੇ ਦੋ ਸਭ ਤੋਂ ਸ਼ਕਤੀਸ਼ਾਲੀ ਖੁਫੀਆ ਏਜੰਸੀਆਂ, ਇੰਟਰ-ਸਰਵਿਸ ਇੰਟੈਲੀਜੈਂਸ (ਆਈ.ਐੱਸ.ਆਈ.) ਅਤੇ ਮਿਲਟਰੀ ਇੰਟੈਲੀਜੈਂਸ (ਐੱਮ.ਆਈ.) ਦੇ ਮੁਖੀ ਵਜੋਂ ਕੰਮ ਕੀਤਾ ਹੈ।

ਹਾਲਾਂਕਿ ਉਹ ਹੁਣ ਤੱਕ ਦੇ ਸਭ ਤੋਂ ਘੱਟ ਸਮੇਂ ਲਈ ਆਈ.ਐੱਸ.ਆਈ. ਦੇ ਮੁਖੀ ਰਹੇ ਹਨ। 8 ਮਹੀਨਿਆਂ ਦੇ ਅੰਦਰ, 2019 ਵਿੱਚ, ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਹਿਣ 'ਤੇ ਉਨ੍ਹਾਂ ਦੀ ਜਗ੍ਹਾ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਨੂੰ ਆਈ.ਐੱਸ.ਆਈ. ਮੁਖੀ ਨਿਯੁਕਤ ਕੀਤਾ ਗਿਆ ਸੀ। ਪਾਕਿਸਤਾਨ ਨੂੰ ਹੋਂਦ ਵਿੱਚ ਆਏ 75 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਦੇਸ਼ ਵਿੱਚ ਅੱਧੇ ਤੋਂ ਵੱਧ ਸਮੇਂ ਤੱਕ ਫ਼ੌਜੀ ਸ਼ਾਸਨ ਰਿਹਾ ਹੈ। ਅਜਿਹੇ 'ਚ ਦੇਸ਼ ਦੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਮਲਿਆਂ 'ਚ ਫ਼ੌਜ ਦਾ ਕਾਫ਼ੀ ਦਖ਼ਲ ਰਿਹਾ ਹੈ।


author

cherry

Content Editor

Related News