ਗਾਜ਼ਾ ਦੇ ਹਸਪਤਾਲ 'ਚ ਧਮਾਕਾ, ਸੈਂਕੜੇ ਲੋਕਾਂ ਦੀ ਮੌਤ, ਹਮਾਸ ਤੇ ਇਜ਼ਰਾਈਲ ਨੇ ਇਕ-ਦੂਜੇ ਸਿਰ ਮੜੇ ਦੋਸ਼
Wednesday, Oct 18, 2023 - 11:06 AM (IST)
ਖਾਨ ਯੂਨਿਸ/ਗਾਜ਼ਾ ਪੱਟੀ (ਭਾਸ਼ਾ)- ਗਾਜ਼ਾ ਦੇ ਇੱਕ ਹਸਪਤਾਲ ਵਿੱਚ ਹੋਏ ਜ਼ਬਰਦਸਤ ਧਮਾਕੇ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਇਹ ਹਸਪਤਾਲ ਪਹਿਲਾਂ ਹੀ ਜ਼ਖ਼ਮੀ ਮਰੀਜ਼ਾਂ ਨਾਲ ਭਰਿਆ ਹੋਇਆ ਸੀ ਅਤੇ ਹੋਰ ਫਲਸਤੀਨੀ ਨਾਗਰਿਕਾਂ ਨੇ ਵੀ ਇੱਥੇ ਪਨਾਹ ਲਈ ਹੋਈ ਸੀ। ਹਮਾਸ ਵੱਲੋਂ ਚਲਾਏ ਜਾ ਰਹੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਹਮਾਸ ਨੇ ਇਸ ਨੂੰ ਇਜ਼ਰਾਇਲੀ ਹਵਾਈ ਹਮਲਾ ਦੱਸਿਆ ਹੈ, ਜਦਕਿ ਇਜ਼ਰਾਇਲੀ ਫੌਜ ਨੇ ਦੋਸ਼ ਲਾਇਆ ਹੈ ਕਿ ਇਹ ਧਮਾਕਾ ਫਲਸਤੀਨੀ ਅੱਤਵਾਦੀਆਂ ਵੱਲੋਂ ਦਾਗੇ ਗਏ ਰਾਕੇਟ ਦੇ ਆਪਣੇ ਨਿਸ਼ਾਨੇ ਤੋਂ ਖੁੰਝਣ ਕਾਰਨ ਹੋਇਆ ਹੈ। ਮੰਤਰਾਲਾ ਨੇ ਕਿਹਾ ਕਿ ਘੱਟੋ-ਘੱਟ 500 ਲੋਕ ਮਾਰੇ ਗਏ ਹਨ।
ਇਹ ਵੀ ਪੜ੍ਹੋ: ਜੰਮੂ 'ਚ ਕੌਮਾਂਤਰੀ ਸਰਹੱਦ ਨੇੜੇ ਪਾਕਿ ਰੇਂਜਰਾਂ ਨੇ ਕੀਤੀ ਗੋਲੀਬਾਰੀ, BSF ਦੇ 2 ਜਵਾਨ ਹੋਏ ਜ਼ਖ਼ਮੀ
ਹਸਪਤਾਲ ਵਿਚ ਹੋਏ ਧਮਾਕੇ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਪੱਛਮੀ ਏਸ਼ੀਆ ਦੀ ਯਾਤਰਾ ਰੱਦ ਕਰ ਦਿੱਤੀ ਗਈ ਹੈ। ਬਾਈਡੇਨ ਦੇ ਦੌਰੇ ਨਾਲ ਜੰਗ ਤੋਂ ਪੈਦਾ ਹੋਏ ਸੰਕਟ ਦੇ ਹੱਲ ਦੀ ਉਮੀਦ ਸੀ। ਜਾਰਡਨ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਬੁੱਧਵਾਰ ਨੂੰ ਅੱਮਾਨ ਵਿੱਚ ਹੋਣ ਵਾਲੇ ਖੇਤਰੀ ਸੰਮੇਲਨ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਬਾਈਡੇਨ ਜਾਰਡਨ ਦੇ ਸ਼ਾਹ ਅਬਦੁੱਲਾ II, ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਅਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨਾਲ ਮੁਲਾਕਾਤ ਕਰਨ ਵਾਲੇ ਸਨ। ਜਾਰਡਨ ਦੇ ਵਿਦੇਸ਼ ਮੰਤਰੀ ਏਮਨ ਸਫਾਦੀ ਨੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਨੇ "ਖੇਤਰ ਨੂੰ ਸੰਕਟ ਦੇ ਕੰਢੇ 'ਤੇ ਧੱਕ ਦਿੱਤਾ ਹੈ।"
ਇਹ ਵੀ ਪੜ੍ਹੋ: ‘ਆਪ’ ਨੇ ਸਾਰੇ 117 ਵਿਧਾਨ ਸਭਾ ਹਲਕਿਆਂ ’ਚ ਖੂਨਦਾਨ ਕੈਂਪ ਲਗਾ ਕੇ ਮਨਾਇਆ CM ਮਾਨ ਦਾ 50ਵਾਂ ਜਨਮ ਦਿਨ
ਉਨ੍ਹਾਂ ਕਿਹਾ ਕਿ ਜਾਰਡਨ ਸਿਖ਼ਰ ਸੰਮੇਲਨ ਦਾ ਆਯੋਜਨ ਤਾਂ ਹੀ ਕਰੇਗਾ ਜੇਕਰ ਸਾਰੇ ਇਸ ਗੱਲ 'ਤੇ ਸਹਿਮਤ ਹੋਣਗੇ ਕਿ ਇਸਦਾ ਉਦੇਸ਼ "ਜੰਗ ਨੂੰ ਰੋਕਣਾ", ਫਿਲਸਤੀਨੀਆਂ ਦੀ ਮਨੁੱਖਤਾ ਦਾ ਸਤਿਕਾਰ ਕਰਨਾ ਅਤੇ ਉਹਨਾਂ ਨੂੰ ਉਹ ਸਹਾਇਤਾ ਪ੍ਰਦਾਨ ਕਰਨਾ ਹੋਵੇਗਾ, ਜਿਸ ਦੇ ਉਹ ਹੱਕਦਾਰ ਹਨ। ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਈਡੇਨ ਹੁਣ ਸਿਰਫ਼ ਇਜ਼ਰਾਈਲ ਦਾ ਦੌਰਾ ਕਰਨਗੇ। ਅਲ-ਅਹਲੀ ਹਸਪਤਾਲ 'ਚ ਧਮਾਕੇ ਤੋਂ ਬਾਅਦ ਚਾਰੇ ਪਾਸੇ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਦੇਖਣ ਨੂੰ ਮਿਲਿਆ। ਇਸ ਨਾਲ ਸਬੰਧਤ ਇਕ ਵੀਡੀਓ ਵਿਚ ਚਾਰੇ ਪਾਸੇ ਖਿੱਲਰੀਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਬੱਚਿਆਂ ਦੀਆਂ ਸਨ। ਚਾਰੇ ਪਾਸੇ ਕੰਬਲ, ਬੱਚਿਆਂ ਦੇ ਸਕੂਲ ਬੈਗ ਅਤੇ ਹੋਰ ਸਾਮਾਨ ਖਿੱਲਰਿਆ ਨਜ਼ਰ ਆਇਆ। ਹਮਾਸ ਨੇ ਮੰਗਲਵਾਰ ਦੇ ਹਸਪਤਾਲ ਵਿੱਚ ਹੋਏ ਧਮਾਕੇ ਨੂੰ "ਬਹੁਤ ਭਿਆਨਕ ਕਤਲੇਆਮ" ਦੱਸਿਆ ਅਤੇ ਕਿਹਾ ਕਿ ਇਹ ਇਜ਼ਰਾਈਲੀ ਹਮਲੇ ਕਾਰਨ ਹੋਇਆ।
ਇਹ ਵੀ ਪੜ੍ਹੋ: ਇਜ਼ਰਾਈਲ ਦੇ ਜ਼ਮੀਨੀ ਹਮਲੇ ਦੇ ਡਰ ਵਿਚਕਾਰ ਗਾਜ਼ਾ ਪੱਟੀ 'ਚ 10 ਲੱਖ ਲੋਕਾਂ ਨੇ ਛੱਡੇ ਆਪਣੇ ਘਰ
ਇਜ਼ਰਾਇਲੀ ਫੌਜ ਨੇ ਇਸ ਲਈ ਇਸਲਾਮਿਕ ਜੇਹਾਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਹਮਾਸ ਲਈ ਕੰਮ ਕਰ ਰਹੇ ਕੱਟੜਪੰਥੀ ਫਲਸਤੀਨੀ ਅੱਤਵਾਦੀ ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਫੌਜ ਨੇ ਕਿਹਾ ਕਿ ਇਸਲਾਮਿਕ ਜੇਹਾਦ ਦੇ ਅੱਤਵਾਦੀਆਂ ਨੇ ਹਸਪਤਾਲ ਦੇ ਨੇੜੇ ਕਈ ਰਾਕੇਟ ਦਾਗੇ ਅਤੇ "ਕਈ ਸੂਤਰਾਂ ਤੋਂ ਮਿਲੀ ਖੁਫੀਆ ਜਾਣਕਾਰੀ" ਤੋਂ ਸੰਕੇਤ ਮਿਲਦਾ ਹੈ ਕਿ ਸੰਗਠਨ ਇਸ ਘਟਨਾ ਲਈ ਜ਼ਿੰਮੇਵਾਰ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਫੌਜ ਦੇ ਮੁੱਖ ਬੁਲਾਰੇ ਰੀਅਰ ਐਡਮਿਰਲ ਡੈਨੀਅਲ ਹਾਗਰੀ ਨੇ ਕਿਹਾ ਕਿ ਫੌਜ ਨੂੰ ਇਹ ਪਤਾ ਲੱਗਾ ਹੈ ਕਿ ਧਮਾਕੇ ਦੇ ਸਮੇਂ ਖੇਤਰ ਵਿੱਚ ਕੋਈ ਹਵਾਈ, ਜ਼ਮੀਨੀ ਜਾਂ ਜਲ ਸੈਨਾ ਹਮਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਰਾਡਾਰ ਨੇ ਧਮਾਕੇ ਦੇ ਸਮੇਂ ਇੱਕ ਰਾਕੇਟ ਦਾ ਪਤਾ ਲਗਾਇਆ ਅਤੇ ਅੱਤਵਾਦੀ ਸਮੂਹਾਂ ਵਿਚਕਾਰ ਹੋਏ ਸੰਚਾਰ ਤੋਂ ਸੰਕੇਤ ਮਿਲਦਾ ਹੈ ਕਿ ਇਸਲਾਮਿਕ ਜੇਹਾਦ ਨੇ ਰਾਕੇਟ ਦਾਗੇ ਸਨ।
ਸੈਂਕੜੇ ਫਲਸਤੀਨੀਆਂ ਨੇ ਗਾਜ਼ਾ ਸ਼ਹਿਰ ਦੇ ਅਲ-ਅਹਲੀ ਅਤੇ ਹੋਰ ਹਸਪਤਾਲਾਂ ਵਿੱਚ ਸ਼ਰਨ ਲਈ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਇੱਥੇ ਸ਼ਰਨ ਲੈ ਕੇ ਉਹ ਬੰਬ ਧਮਾਕੇ ਤੋਂ ਬਚ ਜਾਣਗੇ। ਅਲ-ਸ਼ਿਫਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸੇਲਮੀਆ ਨੇ ਕਿਹਾ ਕਿ ਲਗਭਗ 350 ਜ਼ਖ਼ਮੀਆਂ ਨੂੰ ਐਂਬੂਲੈਂਸਾਂ ਅਤੇ ਨਿੱਜੀ ਕਾਰਾਂ ਵਿੱਚ ਅਲ-ਅਹਲੀ ਤੋਂ ਗਾਜ਼ਾ ਸਿਟੀ ਦੇ ਮੁੱਖ ਹਸਪਤਾਲ ਅਲ-ਸ਼ਿਫਾ ਵਿੱਚ ਲਿਆਂਦਾ ਗਿਆ, ਜਿੱਥੇ ਪਹਿਲਾਂ ਹੀ ਹਮਲੇ ਵਿੱਚ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਗਾਜ਼ਾ ਦੇ ਸਿਹਤ ਮੰਤਰਾਲਾ ਦੇ ਅਨੁਸਾਰ ਅਲ-ਅਹਲੀ ਹਸਪਤਾਲ ਵਿਚ ਧਮਾਕੇ ਤੋਂ ਪਹਿਲਾਂ ਗਾਜ਼ਾ 'ਤੇ ਇਜ਼ਰਾਈਲ ਦੇ ਹਮਲੇ ਵਿਚ ਘੱਟੋ-ਘੱਟ 2,778 ਲੋਕ ਮਾਰੇ ਗਏ ਹਨ ਅਤੇ 9,700 ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: ਇਜ਼ਰਾਈਲ-ਹਮਾਸ ਯੁੱਧ: ਅਮਰੀਕੀ ਰਾਸ਼ਟਰਪਤੀ ਬਾਈਡੇਨ ਭਲਕੇ ਕਰਨਗੇ ਇਜ਼ਰਾਈਲ ਅਤੇ ਜਾਰਡਨ ਦਾ ਦੌਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।