ਗਾਜ਼ਾ : ਇਜ਼ਰਾਈਲੀ ਹਮਲਿਆਂ ’ਚ 52 ਲੋਕਾਂ ਦੀ ਮੌਤ
Tuesday, May 27, 2025 - 12:23 AM (IST)

ਦੀਰ ਅਲ-ਬਲਾਹ- ਗਾਜ਼ਾ ਪੱਟੀ ’ਚ ਸੋਮਵਾਰ ਨੂੰ ਇਜ਼ਰਾਈਲੀ ਹਮਲਿਆਂ ’ਚ ਘੱਟੋ-ਘੱਟ 52 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕਾਂ ’ਚ ਇਕ ਸਕੂਲ ’ਚ ਪਨਾਹ ਲੈਣ ਵਾਲੇ 36 ਲੋਕ ਵੀ ਸ਼ਾਮਲ ਹਨ, ਜੋ ਹਮਲੇ ਦੌਰਾਨ ਸੁੱਤੇ ਪਏ ਸਨ ਤੇ ਉਨ੍ਹਾਂ ਦੇ ਸਾਮਾਨ ਨੂੰ ਅੱਗ ਲੱਗ ਗਈ।ਸਥਾਨਕ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਤੋਂ ਸਾਜ਼ਿਸ਼ ਰਚ ਰਹੇ ਕੱਟੜਪੰਥੀਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਹਮਾਸ ਨਾਲ ਜੰਗਬੰਦੀ ਖਤਮ ਕਰਨ ਤੋਂ ਬਾਅਦ ਮਾਰਚ ਤੋਂ ਹਮਲੇ ਸ਼ੁਰੂ ਕਰ ਦਿੱਤੇ ਹਨ। ਇਜ਼ਰਾਈਲ ਨੇ ਗਾਜ਼ਾ ’ਤੇ ਕਬਜ਼ਾ ਕਰਨ ਅਤੇ ਹਮਾਸ ਨੂੰ ਖਤਮ ਕਰਨ ਤੱਕ ਲੜਾਈ ਜਾਰੀ ਰੱਖਣ ਦਾ ਸੰਕਲਪ ਲਿਆ ਹੈ। ਐਮਰਜੈਂਸੀ ਸੇਵਾਵਾਂ ਮੰਤਰਾਲੇ ਦੇ ਮੁਖੀ ਫਹਿਮੀ ਅਵਾਦ ਨੇ ਕਿਹਾ ਕਿ ਗਾਜ਼ਾ ਸ਼ਹਿਰ ਦੇ ਦਾਰਾਜ ਇਲਾਕੇ ’ਚ ਸਕੂਲ ’ਤੇ ਹੋਏ ਹਮਲੇ ’ਚ ਦਰਜਨਾਂ ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ ’ਚ ਇਕ ਪਿਤਾ ਅਤੇ ਉਸ ਦੇ 5 ਬੱਚੇ ਸ਼ਾਮਲ ਹਨ। ਗਾਜ਼ਾ ਸ਼ਹਿਰ ਦੇ ਸ਼ਿਫਾ ਅਤੇ ਅਲ-ਅਹਿਲੀ ਹਸਪਤਾਲਾਂ ਨੇ ਕੁੱਲ ਮੌਤਾਂ ਦੀ ਪੁਸ਼ਟੀ ਕੀਤੀ ਹੈ।