ਜਰਮਨੀ ’ਚ ਖੁੱਲ੍ਹੇਗਾ ਗਾਂਜੇ ਦਾ ਠੇਕਾ, ਚਾਂਸਲਰ ਸਕੋਲਜ ਦੀ ਕੈਬਨਿਟ ਨੇ ਦਿੱਤੀ ਮਨਜ਼ੂਰੀ
Saturday, Oct 29, 2022 - 11:23 AM (IST)

ਬਰਲਿਨ (ਏ. ਐੱਨ. ਆਈ.) : ਜਰਮਨੀ ਦੀ ਸਰਕਾਰ ਬਾਲਗਾਂ ਲਈ ਮਨੋਰੰਜਕ ਉਪਯੋਗ ਲਈ ਗਾਂਜੇ ਨੂੰ ਜਾਇਜ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਕ ਨਿਸ਼ਚਿਤ ਮਾਤਰਾ ਵਿਚ ਗਾਂਜਾ ਰੱਖਣਾ ਇਥੇ ਕਾਨੂੰਨੀ ਤੌਰ ’ਤੇ ਜਾਇਜ਼ ਹੋਵੇਗਾ। ਹਾਲਾਂਕਿ, ਇਸ ਨਵੇਂ ਕਾਨੂੰਨ ਦੇ ਕਈ ਵੇਰਵਿਆਂ ’ਤੇ ਕੰਮ ਕੀਤਾ ਜਾਣਾ ਬਾਕੀ ਹੈ।
ਸੀ. ਐੱਨ. ਐੱਨ. ਦੇ ਮੁਤਾਬਕ, ਜਰਮਨੀ ਸਰਕਾਰ ਬਾਲਗਾਂ ਲਈ ਮਨੋਰੰਜਕ ਭੰਗ ਦੀ ਇਕ ਨਿਸ਼ਚਿਤ ਮਾਤਰਾ ਨੂੰ ਜਾਇਜ਼ ਬਣਾਉਣ ਲਈ ਸਹਿਮਤ ਹੋ ਗਈ ਹੈ। ਹਾਲਾਂਕਿ, ਇਸ ਕਾਨੂੰਨ ਦੇ ਪੇਸ਼ ਹੋਣ ਤੋਂ ਪਹਿਲਾਂ ਜਰਮਨੀ ਸਰਕਾਰ ਨੂੰ ਯੂਰਪੀ ਸੰਘ ਦੇ ਕਾਨੂੰਨ ਨਾਲ ਤਾਲਮੇਲ ਸਥਾਪਤ ਕਰਨਾ ਹੋਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਯੂਰਪੀ ਦੇਸ਼ਾਂ ਵਿਚ ਜਰਮਨੀ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੋ ਜਾਏਗਾ।
ਚਾਂਸਲਰ ਓਲਾਫ ਸਕੋਲਜ ਦੀ ਕੈਬਨਿਟ ਨੇ ਗਾਂਜੇ ਦੀ ਨਿਸ਼ਚਿਤ ਮਾਤਰਾ ਨੂੰ ਜਾਇਜ਼ ਕਰਨ ਦੀ ਪ੍ਰਵਾਨਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਜਰਮਨੀ ਦੇ ਸਿਹਤ ਮੰਤਰੀ ਕਾਰਲ ਲਾਟਰਬੈਕ ਨੇ ਬਾਲਗਾਂ ਦਰਮਿਆਨ ਗਾਂਜੇ ਦੀ ਕੰਟਰੋਲ ਵੰਡ ਅਤੇ ਮਨੋਰੰਜਕ ਉਪਯੋਗ ਦੀ ਇਜਾਜ਼ਤ ਦੇਣ ਦੀ ਯੋਜਨਾ ਦਾ ਐਲਾਨ ਕੀਤਾ।