G4 ਸਵਾਈਨ ਫਲੂ ਵਾਇਰਸ ਨਵਾਂ ਨਹੀਂ : ਚੀਨ
Sunday, Jul 05, 2020 - 02:08 AM (IST)
 
            
            ਬੀਜ਼ਿੰਗ - ਚੀਨ ਦੇ ਖੇਤੀਬਾੜੀ ਅਤੇ ਪੇਂਡੂ ਮਾਮਲਿਆਂ ਦੇ ਮੰਤਰਾਲੇ ਨੇ ਸ਼ਨੀਵਾਰ ਨੂੰ ਆਖਿਆ ਕਿ ਜੀ4 ਸਵਾਈਨ ਫਲੂ ਵਾਇਰਸ ਨਵਾਂ ਨਹੀਂ ਹੈ ਅਤੇ ਇਹ ਇਨਸਾਨਾਂ ਅਤੇ ਜਾਨਵਰਾਂ ਨੂੰ ਆਸਾਨੀ ਨਾਲ ਪ੍ਰਭਾਵਿਤ ਨਹੀਂ ਕਰਦਾ ਹੈ। ਇਸ ਹਫਤੇ ਇਸ ਜੀ4 ਸਵਾਈਨ ਫਲੂ ਵਾਇਰਸ ਦੇ ਬਾਰੇ ਵਿਚ ਇਕ ਸਟੱਡੀ ਪਬਲਿਸ਼ ਹੋਈ ਸੀ ਜਿਸ ਨੂੰ ਚੀਨ ਦੀ ਸਰਕਾਰ ਨੇ ਸਿਰੇ ਤੋਂ ਖਾਰਿਜ਼ ਕੀਤਾ ਹੈ। ਹਾਲਾਂਕਿ ਜੀ4 ਸਵਾਈਨ ਫਲੂ ਵਾਇਰਸ ਦੇ ਬਾਰੇ ਵਿਚ ਪਹਿਲੇ ਵਾਲੀ ਸਟੱਡੀ ਚੀਨ ਦੇ ਸਾਇੰਸਦਾਨਾਂ ਦੀ ਇਕ ਟੀਮ ਨੇ ਹੀ ਤਿਆਰ ਕੀਤੀ ਸੀ ਅਤੇ ਇਸ ਨੂੰ ਅਮਰੀਕੀ ਸਾਇੰਸ ਜਨਰਲ ਪ੍ਰੋਸੀਡਿੰਗਸ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸੇਜ਼ ਨੇ ਪਬਲਿਸ਼ ਕੀਤਾ ਸੀ।
ਇਸ ਸਟੱਡੀ ਵਿਚ ਚਿਤਾਵਨੀ ਦਿੱਤੀ ਗਈ ਸੀ ਕਿ ਜੀ4 ਨਾਂ ਦਾ ਇਹ ਨਵਾਂ ਸਵਾਈਨ ਫਲੂ ਵਾਇਰਸ ਇਨਸਾਨਾਂ ਲਈ ਖਤਰਨਾਕ ਹੈ ਅਤੇ ਇਸ ਦੇ ਮਹਾਮਾਰੀ ਵਾਲੇ ਵਾਇਰਸ ਵਿਚ ਬਦਲਣ ਦਾ ਖਤਰਾ ਹੈ। ਹਾਲਾਂਕਿ ਚੀਨ ਦੇ ਖੇਤੀਬਾੜੀ ਮੰਤਰਾਲੇ ਨੇ ਆਪਣੇ ਬਿਆਨ ਵਿਚ ਆਖਿਆ ਹੈ ਕਿ ਇਸ ਸਟੱਡੀ ਨੂੰ ਮੀਡੀਆ ਵਿਚ ਗੈਰ-ਤੱਥਵਾਦੀ ਤਰੀਕੇ ਨਾਲ ਹੋਰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ। ਮੰਤਰਾਲੇ ਦੇ ਵਿਸ਼ਲੇਸ਼ਣ ਮੁਤਾਬਕ ਸਟੱਡੀ ਪੇਪਰ ਪਬਲਿਸ਼ ਕਰਨ ਲਈ ਇਕੱਠੇ ਕੀਤੇ ਗਏ ਸੈਂਪਲਸ ਦਾ ਪੈਮਾਨਾ ਬਹੁਤ ਛੋਟਾ ਸੀ, ਨਾਲ ਹੀ ਆਰਟੀਕਲ ਵਿਚ ਇਸ ਗੱਲ 'ਤੇ ਲੋੜੀਂਦੇ ਸਬੂਤਾਂ ਦੀ ਘਾਟ ਹੈ ਜੋ ਇਹ ਦਿਖਾਉਂਦੇ ਹਨ ਕਿ ਜੀ4 ਵਾਇਰਸ ਸੂਰਾਂ 'ਤੇ ਅਸਰ ਪਾ ਰਿਹਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            