ਫਰਿਜ਼ਨੋ : ਸਲਾਨਾ ਮੇਲੇ ''ਚ ਬੱਚਿਆਂ, ਜਵਾਨਾਂ ਤੇ ਬਜ਼ੁਰਗਾਂ ਨੇ ਬੰਨ੍ਹਿਆ ਰੰਗ

07/24/2019 9:12:07 AM

ਫਰਿਜ਼ਨੋ, (ਨੀਟਾ ਮਾਛੀਕੇ)— ਅਮਰੀਕਾ 'ਚ ਜੀ. ਐੱਚ. ਜੀ. ਡਾਂਸ ਅਤੇ ਸੰਗੀਤ ਅਕੈਡਮੀ ਫਰਿਜ਼ਨੋ ਵੱਲੋਂ ਗਿਆਰਵਾਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲਾ ਡਾ. ਦਲਜਿੰਦਰ ਸਿੰਘ ਜੌਹਲ ਦੀ ਅਗਵਾਈ 'ਚ ਕਰਵਾਇਆ ਗਿਆ। ਇਸ ਦਾ ਪ੍ਰਬੰਧ ਫਰਿਜ਼ਨੋ ਦੇ ਸੈਂਟਰਲ ਹਾਈ ਸਕੂਲ 'ਚ ਕੀਤਾ ਗਿਆ। ਇਸ ਤੋਂ ਪਹਿਲਾਂ ਅਕੈਡਮੀ ਵੱਲੋਂ ਦੋ ਹਫਤੇ ਦੇ ਕੈਂਪ 'ਚ 600 ਤੋਂ ਵਧੇਰੇ ਬੱਚਿਆਂ ਨੂੰ ਮੁਫਤ ਗਿੱਧੇ ਅਤੇ ਭੰਗੜੇ ਦੀ ਸਿਖਲਾਈ ਮਾਹਿਰ ਕੋਚਾਂ ਵਲੋਂ ਦਿੱਤੀ ਗਈ। ਬੱਚਿਆਂ ਨੇ ਦੋ ਹਫ਼ਤੇ ਘਰ ਦੀ ਚਾਰ ਦਿਵਾਰੀ ਅਤੇ ਵੀਡੀਓ ਗੇਮਾਂ ਵਰਗੇ ਇਲੈਕਟ੍ਰੋਨਿਕਸ ਰੁਝੇਵੇਂ 'ਚੋਂ ਬਾਹਰ ਨਿਕਲ ਕੇ ਆਪਣੇ ਸੱਭਿਆਚਾਰਕ ਗਿੱਧੇ ਅਤੇ ਭੰਗੜੇ ਨੂੰ ਸਿੱਖਿਆ। 

ਕੈਂਪ ਦੇ ਆਖਰੀ ਦਿਨ ਇਨ੍ਹਾਂ ਬੱਚਿਆਂ ਦੀਆਂ ਗਿੱਧੇ ਅਤੇ ਭੰਗੜੇ ਦੀਆਂ ਟੀਮਾਂ ਨੇ ਅਜਿਹਾ ਪ੍ਰਦਰਸ਼ਨ ਕੀਤਾ ਕਿ ਸਭ ਦਾ ਦਿਲ ਮੋਹ ਲਿਆ। ਇਸੇ ਦੌਰਾਨ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਗਏ। ਇਸ 'ਚ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਕੈਨੇਡਾ ਤੋਂ ਵੀ ਭੰਗੜੇ ਦੀਆਂ ਟੀਮਾਂ ਨੇ ਕਲਾ ਦੇ ਜੌਹਰ ਦਿਖਾਏ।  

PunjabKesari

ਤਰਨਜੀਤ ਕਲੇਰ ਵਲੋਂ ਤਿਆਰ 'ਮਾਂਵਾਂ ਦਾ ਗਿੱਧਾ' ਦੇ ਇਕ ਗਰੁੱਪ ਨੇ ਸ਼ਾਨਦਾਰ ਪੇਸ਼ਕਸ਼ ਕੀਤੀ ਅਤੇ ਫਰਿਜ਼ਨੋ ਦੇ ਬਾਬਿਆਂ ਨੇ ਨੌਜਵਾਨਾਂ ਅਤੇ ਬੱਚਿਆਂ ਨਾਲ ਰਲ ਪਾਏ 'ਮਲਵਈ ਗਿੱਧੇ' ਨੇ ਸਟੇਜ 'ਤੇ ਹਾਜ਼ਰੀਨਾਂ ਦਾ ਖੂਬ ਮਨੋਰੰਜਨ ਕੀਤਾ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਬੀਬੀ ਆਸ਼ਾ ਸ਼ਰਮਾ ਨੇ ਸ਼ਾਇਰਾਨਾ ਅੰਦਾਜ਼ 'ਚ ਕੀਤਾ। ਗੁਰਦੀਪ ਸ਼ੇਰਗਿੱਲ ਅਤੇ ਜਸਪ੍ਰੀਤ ਸਿੱਧੂ ਨੇ ਬਤੌਰ ਸਹਾਇਕ ਉਨ੍ਹਾਂ ਦੀ ਸਮੇਂ-ਸਮੇਂ ਮਦਦ ਕੀਤੀ। ਪ੍ਰੋਗਰਾਮ 'ਚ ਹਿੱਸਾ ਲੈਣ ਵਾਲੇ ਸਭ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। 


Related News