ਫਰਿਜ਼ਨੋ "ਚ ਅੱਗ ਲੱਗਣ ਨਾਲ ਫਰਨੀਚਰ ਸਟੋਰ ਨੂੰ ਹੋਇਆ ਲੱਖਾਂ ਡਾਲਰਾਂ ਦਾ ਨੁਕਸਾਨ
Tuesday, Jan 12, 2021 - 08:51 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਕਾਉਂਟੀ ਵਿਚ ਸ਼ਨੀਵਾਰ ਨੂੰ ਇਕ ਫਰਨੀਚਰ ਸਟੋਰ 'ਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਨੀਵਾਰ ਦੁਪਹਿਰ ਨੂੰ ਦੱਖਣ-ਪੂਰਬੀ ਫਰਿਜ਼ਨੋ ਦੇ ਫਰਨੀਚਰ ਸਟੋਰ ਨੂੰ ਅੱਗ ਲੱਗਣ ਕਾਰਨ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ।
ਫਰਿਜ਼ਨੋ ਫਾਇਰ ਵਿਭਾਗ ਦੇ ਅਧਿਕਾਰੀ ਕਿਰਕ ਵਨਲੈਸ ਅਨੁਸਾਰ ਵਿਭਾਗ ਦੇ ਅਮਲੇ ਨੇ ਤਕਰੀਬਨ 4 ਵਜੇ ਘਟਨਾ ਸਥਾਨ 'ਤੇ ਕਾਰਵਾਈ ਕੀਤੀ। ਸਟੋਰ ਅੱਗ ਦੀਆਂ ਲਪਟਾਂ ਵਿਚ ਘਿਰਿਆ ਸੀ ਅਤੇ ਅੱਗ ਇੰਨੀ ਫੈਲੀ ਹੋਈ ਸੀ ਕਿ ਅੱਗ ਬੁਝਾਊ ਅਮਲੇ ਨੂੰ ਇਸ ਉੱਪਰ ਕਾਬੂ ਕਰਨਾ ਮੁਸ਼ਕਿਲ ਹੋ ਗਿਆ ਸੀ। ਅਧਿਕਾਰੀਆਂ ਅਨੁਸਾਰ ਇਸ ਅੱਗ ਨਾਲ ਫਰਨੀਚਰ ਸਟੋਰ ਨੂੰ ਤਕਰੀਬਨ 2 ਲੱਖ ਡਾਲਰ ਦਾ ਨੁਕਸਾਨ ਹੋਇਆ ਹੈ।
ਵਨਲੈਸ ਅਨੁਸਾਰ ਅੱਗ ਲੱਗਣ ਸਮੇਂ ਸਟੋਰ ਬੰਦ ਸੀ, ਜਿਸ ਕਰਕੇ ਕੋਈ ਜਾਨੀ ਨੁਕਸਾਨ ਨਹੀ ਹੋਇਆ ਅਤੇ ਇਸ ਅੱਗ ਨਾਲ ਨੇੜੇ ਦੀਆਂ ਇਮਾਰਤਾਂ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਿਆ ਹਾਲਾਂਕਿ ਇਸ ਅੱਗ ਨਾਲ ਨੇੜਲੇ ਅਪਾਰਟਮੈਂਟ ਦੇ ਇਕ ਆਦਮੀ ਨੂੰ ਅੱਗ ਦੇ ਧੂੰਏਂ ਤੋਂ ਪ੍ਰਭਾਵਿਤ ਹੋਣ 'ਤੇ ਹਸਪਤਾਲ ਲਿਜਾਇਆ ਗਿਆ ਸੀ। ਇਸ ਦੇ ਇਲਾਵਾ ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।