ਫਰਿਜ਼ਨੋ ਦੇ ਨਵੇਂ ਚੁਣੇ ਮੇਅਰ ਜੈਰੀ ਡਾਇਰ ਨੂੰ ਕੋਰੋਨਾ ਨੇ ਲਿਆ ਲਪੇਟ ''ਚ
Thursday, Nov 12, 2020 - 01:00 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਦੇ ਅਗਲੇ ਚੁਣੇ ਗਏ ਮੇਅਰ ਜੈਰੀ ਡਾਇਰ ਨੂੰ ਸੁਪਰਵਾਈਜ਼ਰ ਸਟੀਵ ਬ੍ਰੈਂਡੋ ਨਾਲ ਚੋਣਾਂ ਵਾਲੀ ਰਾਤ ਦੇ ਖਾਣੇ ਵਿਚ ਸ਼ਾਮਲ ਹੋਣ ਤੋਂ ਬਾਅਦ ਮੰਗਲਵਾਰ ਸਵੇਰੇ ਨੂੰ ਕੋਰੋਨਾ ਪੀੜਿਤ ਹੋਣ ਦੀ ਰਿਪੋਰਟ ਮਿਲੀ ਹੈ। ਡਾਇਰ ਨੇ ਪਹਿਲਾਂ ਵੀ ਇਕ ਤੇਜ਼ ਪੀ. ਸੀ. ਆਰ. ਟੈਸਟ ਕੀਤਾ ਸੀ, ਜਿਸ ਦਾ ਨਤੀਜਾ ਨੈਗਟਿਵ ਆਇਆ ਸੀ ਪਰ ਸੋਮਵਾਰ ਨੂੰ ਹਲਕੀ ਖੰਘ ਦੇ ਨਾਲ ਹੋਰ ਲੱਛਣ ਦਿਖਾਈ ਦਿੱਤੇ। ਫਿਰ ਦੂਜਾ ਟੈਸਟ ਲਿਆ ਜਿਸ ਨਾਲ ਮੰਗਲਵਾਰ ਦੁਪਹਿਰ ਤੋਂ ਪਹਿਲਾਂ ਵਾਇਰਸ ਦੀ ਪੁਸ਼ਟੀ ਹੋਈ। ਉਹ ਫਰਿਜ਼ਨੋ ਜਨਤਕ ਸਿਹਤ ਵਿਭਾਗ ਦੇ ਨਿਰਦੇਸ਼ਾਂ ਹੇਠ ਅਲੱਗ ਰਹਿਣਗੇ।
ਫਰਿਜ਼ਨੋ ਕਾਉਂਟੀ ਦੇ ਬੁਲਾਰੇ ਜੋਰਡਨ ਸਕਾਟ ਅਨੁਸਾਰ ਬ੍ਰੈਂਡੋ ਵਲੋਂ ਕਾਉਂਟੀ ਦੇ ਸੁਪਰਵਾਈਜ਼ਰ ਨਾਥਨ ਮੈਗਸੀਗ, ਬੱਡੀ ਮੈਂਡੀਜ਼ ਅਤੇ ਬ੍ਰਾਇਨ ਪਾਸ਼ੇਕੋ ਨਾਲ ਵੀ ਸੰਪਰਕ ਕੀਤਾ ਗਿਆ ਸੀ। ਇਸ ਲਈ ਬੋਰਡ ਆਫ਼ ਸੁਪਰਵਾਈਜ਼ਰਾਂ ਦੀ ਮੀਟਿੰਗ ਨੂੰ ਵੀ 17 ਨਵੰਬਰ ਤੋਂ 24 ਨਵੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਾਲ ਮਾਰਚ ਤੋਂ, ਸ਼ਹਿਰ ਦੇ ਅਧਿਕਾਰੀਆਂ ਨੇ ਮਹਾਮਾਰੀ ਲਈ ਸਾਵਧਾਨੀ ਵਰਤੀ ਹੈ ਅਤੇ ਡਾਇਰ ਨੇ ਕਮਿਊਨਿਟੀ ਸਮੂਹਾਂ ਦੀ ਸਹਾਇਤਾ ਲਈ ਆਪਣੇ ਫੰਡ ਵੀ ਇਕੱਠੇ ਕੀਤੇ ਹਨ। ਦੂਜੇ ਪਾਸੇ, ਸੁਪਰਵਾਈਜ਼ਰਾਂ ਦੇ ਬੋਰਡ ਨੇ ਫਰਿਜ਼ਨੋ ਕਾਉਂਟੀ ਦੇ ਸਿਹਤ ਅਧਿਕਾਰੀ ਨੂੰ ਮਾਸਕ ਦੇ ਪਹਿਨਣ ਨੂੰ ਸਵੈ-ਇੱਛੁਕ ਬਣਾਉਣ ਦੇ ਨਿਰਦੇਸ਼ ਦਿੱਤੇ ਸਨ।