ਫਰਾਂਸ ਹਿੰਸਾ: ਪ੍ਰਦਰਸ਼ਨਕਾਰੀਆਂ ਨੇ 13 ਬੱਸਾਂ ਨੂੰ ਲਾਈ ਅੱਗ, ਹੁਣ ਤੱਕ 400 ਤੋਂ ਵੱਧ ਲੋਕ ਗ੍ਰਿਫ਼ਤਾਰ (ਤਸਵੀਰਾਂ)
Friday, Jun 30, 2023 - 12:04 PM (IST)
ਪੈਰਿਸ (ਭਾਸ਼ਾ) ਫਰਾਂਸ ਵਿੱਚ ਇੱਕ ਨਾਬਾਲਗ ਨੂੰ ਟ੍ਰੈਫਿਕ ਨਿਯਮ ਤੋੜਨ ਦੇ ਦੋਸ਼ ਵਿਚ ਪੁਲਸ ਨੇ ਗੋਲੀ ਮਾਰ ਕੇ ਮਾਰ ਦਿੱਤਾ। ਇਸ ਘਟਨਾ ਦੇ ਸਾਹਮਣੇ ਆਉਣ 'ਤੇ ਫਰਾਂਸ 'ਚ ਭਾਰੀ ਵਿਰੋਧ ਪ੍ਰਦਰਸ਼ਨ ਜਾਰੀ ਹੈ। ਲੋਕ ਸੜਕਾਂ 'ਤੇ ਉਤਰ ਆਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਆਰਏਟੀਪੀ ਡਿਪੂ ਦੀਆਂ ਘੱਟੋ-ਘੱਟ 13 ਬੱਸਾਂ ਨੂੰ ਅੱਗ ਲਗਾ ਦਿੱਤੀ।
ਇਹ ਹੈ ਮਾਮਲਾ
ਘਟਨਾ ਮੰਗਲਵਾਰ ਦੀ ਹੈ। ਦਰਅਸਲ ਰਾਜਧਾਨੀ ਪੈਰਿਸ ਦੇ ਉਪਨਗਰ ਨੈਨਟੇਰੇ ਵਿੱਚ ਇੱਕ ਨਾਬਾਲਗ ਨੂੰ ਪੁਲਸ ਕਰਮਚਾਰੀ ਨੇ ਟ੍ਰੈਫਿਕ ਨਿਯਮ ਤੋੜਨ 'ਤੇ ਗੋਲੀ ਮਾਰ ਦਿੱਤੀ ਸੀ। ਨਾਬਾਲਗ ਨੂੰ ਪੁਆਇੰਟ ਬਲੈਂਕ ਰੇਂਜ ਤੋਂ ਛਾਤੀ ਵਿੱਚ ਗੋਲੀ ਮਾਰੀ ਗਈ। ਇਸ ਤੋਂ ਪਹਿਲਾਂ ਪੁਲਸ ਨੇ ਦੱਸਿਆ ਕਿ ਨਾਬਾਲਗ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਮਗਰੋਂ ਪੁਲਸ ਨੇ ਗੋਲੀ ਚਲਾ ਦਿੱਤੀ। ਹਾਲਾਂਕਿ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਪੁਲਸ ਝੂਠ ਬੋਲ ਰਹੀ ਹੈ। ਇਸ ਨਾਲ ਲੋਕਾਂ ਵਿੱਚ ਗੁੱਸਾ ਆ ਗਿਆ। ਫਿਲਹਾਲ ਦੋਸ਼ੀ ਪੁਲਸ ਕਰਮੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਹੁਣ ਤੱਕ 421 ਲੋਕ ਗ੍ਰਿਫ਼ਤਾਰ
ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮਨਿਨ ਨੇ ਸੀਐਨਐਨ ਨਾਲ ਸਬੰਧਤ ਬੀਐਫਐਮਟੀਵੀ ਨੂੰ ਦੱਸਿਆ ਕਿ ਹੁਣ ਤੱਕ ਪ੍ਰਦਰਸ਼ਨਾਂ ਵਿੱਚ ਫਰਾਂਸ ਵਿੱਚ ਘੱਟੋ ਘੱਟ 421 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੀਐਫਐਮਟੀਵੀ ਨੇ ਪੈਰਿਸ ਪੁਲਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹਨਾਂ ਵਿੱਚੋਂ 242 ਗ੍ਰਿਫਤਾਰੀਆਂ ਪੈਰਿਸ ਖੇਤਰ ਵਿੱਚ ਹੌਟਸ-ਡੀ-ਸੀਨ, ਸੀਨ-ਸੇਂਟ-ਡੇਨਿਸ ਅਤੇ ਵਾਲ-ਡੀ-ਮਾਰਨੇ ਦੇ ਵਿਭਾਗਾਂ ਵਿੱਚ ਹੋਈਆਂ।
ਪੁਲਸ ਮੁਲਾਜ਼ਮ ਦੇ ਵਕੀਲ ਦਾ ਬਿਆਨ
ਇਸ ਤੋਂ ਪਹਿਲਾਂ ਇੱਕ ਫ੍ਰੈਂਚ ਨਾਬਾਲਗ ਦੀ ਘਾਤਕ ਗੋਲੀਬਾਰੀ ਲਈ ਰਸਮੀ ਜਾਂਚ ਅਧੀਨ ਪੁਲਸ ਅਧਿਕਾਰੀ ਦੇ ਵਕੀਲ ਨੇ ਆਪਣੇ ਮੁਵੱਕਿਲ ਨਾਲ "ਸਿਆਸੀ" ਵਿਵਹਾਰ ਦੀ ਨਿੰਦਾ ਕੀਤੀ। ਇਸ ਦੇ ਨਾਲ ਹੀ ਕਤਲ ਦੇ ਦੋਸ਼ੀ ਪੁਲਸ ਅਧਿਕਾਰੀ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਸਿਰਫ ਰਾਜਨੀਤੀ ਕਰਕੇ ਫਸਾਇਆ ਜਾ ਰਿਹਾ ਹੈ। ਮਾਹੌਲ ਨੂੰ ਸ਼ਾਂਤ ਕਰਨ ਲਈ ਉਸ 'ਤੇ ਦੋਸ਼ ਲਾਏ ਜਾ ਰਹੇ ਹਨ। ਅਧਿਕਾਰੀ ਦੇ ਵਕੀਲ ਲੌਰੇਂਟ-ਫ੍ਰੈਂਕ ਲਿਓਨਾਰਡ ਨੇ ਕਿਹਾ ਕਿ ਇਹ ਘਟਨਾ ਇੱਕ ਸੰਕਿਟ ਵਿੱਚ ਵਾਪਰੀ। ਉਸ ਨੇ ਗ਼ਲਤੀ ਕੀਤੀ ਹੈ ਜਾਂ ਨਹੀਂ, ਅਦਾਲਤ ਤੈਅ ਕਰੇਗੀ। ਉਸਨੇ ਅੱਗੇ ਕਿਹਾ ਕਿ ਅਧਿਕਾਰੀ ਨਾਬਾਲਗ ਨੂੰ ਮਾਰਨਾ ਨਹੀਂ ਚਾਹੁੰਦਾ ਸੀ। ਉਹ ਖ਼ੁਦ ਬਹੁਤ ਪਰੇਸ਼ਾਨ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ 'ਚ ਗਰਮੀ ਦੀ ਤੇਜ਼ ਲਹਿਰ, ਹੁਣ ਤੱਕ 112 ਲੋਕਾਂ ਦੀ ਮੌਤ
ਰਾਸ਼ਟਰਪਤੀ ਨੇ ਕੀਤੀ ਸ਼ਾਂਤੀ ਦੀ ਅਪੀਲ
ਇਸ ਦੌਰਾਨ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਦੋਸ਼ੀ ਪੁਲਸ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਨਾਬਾਲਗ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਪੁਲਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਸ਼ਾਂਤੀ ਬਣਾਈ ਰੱਖਣ। ਪ੍ਰਦਰਸ਼ਨਕਾਰੀਆਂ ਨੂੰ ਸੜਕਾਂ ਤੋਂ ਆਪਣੇ ਘਰਾਂ ਨੂੰ ਪਰਤਣ ਲਈ ਕਿਹਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।