ਫਰਾਂਸੀਸੀ ਪੁਲਸ ਨੇ ਹਮਲਾਵਰ ਬੰਦੂਕਧਾਰੀ ਨੂੰ ਕੀਤਾ ਢੇਰ

Friday, Dec 14, 2018 - 10:10 AM (IST)

ਫਰਾਂਸੀਸੀ ਪੁਲਸ ਨੇ ਹਮਲਾਵਰ ਬੰਦੂਕਧਾਰੀ ਨੂੰ ਕੀਤਾ ਢੇਰ

ਸਟ੍ਰਾਸਬਰਗ (ਭਾਸ਼ਾ)— ਫਰਾਂਸ ਪੁਲਸ ਨੇ ਸਟ੍ਰਾਸਬਰਗ ਸ਼ਹਿਰ ਦੇ ਇਕ ਕ੍ਰਿਸਮਸ ਬਾਜ਼ਾਰ ਵਿਚ 3 ਲੋਕਾਂ ਦੀ ਹੱਤਿਆ ਕਰਨ ਵਾਲੇ ਬੰਦੂਕਧਾਰੀ ਨੂੰ  ਢੇਰ ਕਰ ਦਿੱਤਾ। ਇਸਲਾਮਿਕ ਸਟੇਟ ਨੇ ਇਸ ਬੰਦੂਕਧਾਰੀ ਨੂੰ ਆਪਣਾ ''ਲੜਾਕੂ'' ਦੱਸਿਆ ਹੈ। ਫਰਾਂਸ ਦੇ 700 ਤੋਂ ਵੱਧ ਸੁਰੱਖਿਆ ਬਲ ਮੰਗਲਵਾਰ ਰਾਤ ਨੂੰ ਵਾਪਰੀ ਘਟਨਾ ਦੇ ਬਾਅਦ ਤੋਂ ਹੀ 29 ਸਾਲਾ ਚੈਰਿਫ ਚੇਕੱਤ ਦੀ ਤਲਾਸ਼ ਕਰ ਰਹੇ ਸਨ। ਗ੍ਰਹਿ ਮੰਤਰੀ ਕ੍ਰਿਸਟੋਫੇ ਕਾਸਟਨਰ ਨੇ ਕਿਹਾ ਕਿ 3 ਪੁਲਸ ਕਰਮਚਾਰੀਆਂ ਨੇ ਉੱਤਰੀ-ਪੂਰਬੀ ਫ੍ਰਾਂਸੀਸੀ ਸ਼ਹਿਰ ਦੇ ਨਿਊਟੋਰਫ ਇਲਾਕੇ ਵਿਚ ਸੜਕਾਂ 'ਤੇ ਘੁੰਮ ਰਹੇ  ਚੇਕੱਤ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਗੋਲੀ ਚਲਾ ਦਿੱਤੀ। ਉਸ ਦਾ ਪਾਲਨ-ਪੋਸ਼ਣ ਇਸੇ ਸ਼ਹਿਰ ਵਿਚ ਹੋਇਆ ਹੈ। 

ਉਨ੍ਹਾਂ ਨੇ ਕਿਹਾ,''ਪੁਲਸ ਕਰਮਚਾਰੀਆਂ ਨੇ ਤੁਰੰਤ ਜਵਾਈ ਕਾਰਵਾਈ ਕੀਤੀ ਅਤੇ ਹਮਲਾਵਰ ਨੂੰ ਮਾਰ ਸੁੱਟਿਆ। ਇਕ ਸੂਤਰ ਨੇ ਦੱਸਿਆ ਕਿ ਜਿਸ ਜਗ੍ਹਾ 'ਤੇ ਇਹ ਘਟਨਾ ਵਾਪਰੀ ਉੱਥੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਪੁਲਸ ਨੂੰ ਸ਼ਾਬਾਸ਼ੀ ਦਿੱਤੀ। ਇਸਲਾਮਿਕ ਸਟੇਟ ਦੀ ਪ੍ਰੋਪੈਗੈਂਡਾ ਸ਼ਾਖਾ ਨੇ ਮੰਗਲਵਾਰ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ। ਇਸਲਾਮਿਕ ਸਟੇਟ ਦੀ ਅਮਾਕ ਏਜੰਸੀ ਨੇ ਟਵਿੱਟਰ 'ਤੇ ਪੋਸਟ ਇਕ ਸੰਦੇਸ਼ ਵਿਚ ਕਿਹਾ,''ਸਟ੍ਰਾਸਬਰਗ ਸ਼ਹਿਰ ਵਿਚ ਹਮਲਾ ਕਰਨ ਵਾਲਾ ਇਸਲਾਮਿਕ ਸਟੇਟ ਦਾ ਇਕ ਲੜਾਕੂ ਹੈ ਅਤੇ ਉਸ ਨੇ ਗਠਜੋੜ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਅਪੀਲ ਦੇ ਜਵਾਬ ਵਿਚ ਇਹ ਹਮਲਾ ਕੀਤਾ।'' ਚੇਕੱਤ ਨੂੰ ਫ੍ਰਾਂਸੀਸੀ ਸੁਰੱਖਿਆ ਬਲਾਂ ਨੇ ਸਾਲ 2005 ਵਿਚ ਸੰਭਾਵੀ ਇਸਲਾਮਿਕ ਕੱਟੜਪੰਥੀ ਦੀ ਸੂਚੀ ਵਿਚ ਰੱਖਿਆ ਸੀ। ਇੱਥੇ ਦੱਸ ਦਈਏ ਕਿ ਫਰਾਂਸ ਵਿਚ 2015 ਤੋਂ ਹੀ ਅਲ ਕਾਇਦਾ ਜਾਂ ਇਸਲਾਮਿਕ ਸਟੇਟ ਦੇ ਹਮਲੇ ਹੋ ਰਹੇ ਹਨ ਜਿਸ ਵਿਚ ਤਕਰੀਬਨ 250 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Vandana

Content Editor

Related News