ਵਿਸ਼ਵ ਭਰ ''ਚ ਇਕ ਹਫ਼ਤੇ ''ਚ ਮਿਲੇ ਕੋਰੋਨਾ ਦੇ 20 ਲੱਖ ਨਵੇਂ ਮਾਮਲੇ, ਫਰਾਂਸ ''ਚ ਮੁੜ ਤਾਲਾਬੰਦੀ

10/29/2020 4:25:08 PM

ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਦੇਸ਼ ਵਿਚ ਦੂਜੀ ਰਾਸ਼ਟਰ ਪੱਧਰੀ ਤਾਲਾਬੰਦੀ ਦੀ ਘੋਸ਼ਣਾ ਕੀਤੀ ਹੈ ਜੋ ਘੱਟ ਤੋਂ ਘੱਟ ਪੂਰੇ ਨਵੰਬਰ ਮਹੀਨੇ ਵਿਚ ਲਾਗੂ ਰਹੇਗਾ। ਓਧਰ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਦੁਨੀਆ ਭਰ ਵਿਚ ਪਿਛਲੇ ਹਫਤੇ 20 ਲੱਖ ਮਾਮਲੇ ਦਰਜ ਕੀਤੇ ਗਏ ਹਨ। ਮਹਾਮਾਰੀ ਕੋਰੋਨਾ ਵਾਇਰਸ ਦੇ ਫੈਲਣ ਦੇ ਬਾਅਦ ਇੰਨੇ ਘੱਟ ਸਮੇਂ ਵਿਚ ਪਹਿਲੀ ਵਾਰ ਇੰਨੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਡਬਲਿਊ. ਐੱਚ. ਓ. ਨੇ ਕਿਹਾ ਕਿ ਲਗਾਤਾਰ ਦੂਜੇ ਹਫਤੇ ਵਿਚ ਯੂਰਪ ਵਿਚ ਸਭ ਤੋਂ ਜ਼ਿਆਦਾ 13 ਲੱਖ ਮਾਮਲੇ ਸਾਹਮਣੇ ਆਏ ਹਨ। 

ਮੈਕਰੋਂ ਨੇ ਰਾਸ਼ਟਰ ਦੇ ਨਾਂ ਸੰਬੋਧਨ ਵਿਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਤਾਲਾਬੰਦੀ ਦੀਆਂ ਨਵੀਆਂ ਪਾਬੰਦੀਆਂ ਬਾਰੇ ਜਾਣਕਾਰੀ ਦਿੱਤੀ। ਇਸ ਵਿਚ, ਲੋਕਾਂ ਨੂੰ ਸਿਰਫ ਮਹੱਤਵਪੂਰਨ ਕੰਮਾਂ ਜਾਂ ਸਿਹਤ ਕਾਰਨਾਂ ਕਰਕੇ ਘਰ ਛੱਡਣ ਦੀ ਇਜਾਜ਼ਤ ਦਿੱਤੀ ਜਾਵੇਗੀ। ਰੈਸਟੋਰੈਂਟਾਂ ਅਤੇ ਬਾਰਾਂ ਵਰਗੇ ਗੈਰ-ਜ਼ਰੂਰੀ ਕਾਰੋਬਾਰ ਬੰਦ ਰਹਿਣਗੇ ਜਦੋਂਕਿ ਸਕੂਲ ਅਤੇ ਫੈਕਟਰੀਆਂ ਖੁੱਲ੍ਹੇ ਰਹਿਣਗੇ। 

ਫਰਾਂਸ ਵਿਚ ਕੋਵਿਡ -19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਅਪ੍ਰੈਲ ਤੋਂ ਬਾਅਦ ਦੇ ਉੱਚ ਪੱਧਰ 'ਤੇ ਹੈ। ਮੰਗਲਵਾਰ ਨੂੰ 33,000 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮੈਕਰੋਂ ਨੇ ਕਿਹਾ ਕਿ ਦੂਜੀ ਲਹਿਰ ਦਾ ਖ਼ਤਰਾ ਦੇਸ਼ ਵਿਚ ਆ ਗਿਆ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਪਹਿਲਾਂ ਨਾਲੋਂ ਵਧੇਰੇ ਖ਼ਤਰਨਾਕ ਹੋਵੇਗੀ।


Lalita Mam

Content Editor

Related News