ਦੁਨੀਆ ਭਰ ਦੇ ਨੇਤਾਵਾਂ ਨੇ ਪੈਰਿਸ ਚਰਚ 'ਚ ਅੱਗ ਲੱਗਣ 'ਤੇ ਪ੍ਰਗਟਾਇਆ ਦੁੱਖ

Tuesday, Apr 16, 2019 - 03:06 PM (IST)

ਦੁਨੀਆ ਭਰ ਦੇ ਨੇਤਾਵਾਂ ਨੇ ਪੈਰਿਸ ਚਰਚ 'ਚ ਅੱਗ ਲੱਗਣ 'ਤੇ ਪ੍ਰਗਟਾਇਆ ਦੁੱਖ

ਪੈਰਿਸ (ਭਾਸ਼ਾ)— ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 850 ਸਾਲ ਪੁਰਾਣੀ ਵਿਸ਼ਵ ਪ੍ਰਸਿੱਧ ਨੋਟਰੇ ਡੈਮ ਕੈਥੇਡ੍ਰਲ ਚਰਚ ਵਿਚ ਬੀਤੀ ਸ਼ਾਮ ਅੱਗ ਲੱਗ ਗਈ। ਇਮਾਰਤ ਦਾ ਉੱਪਰੀ ਹਿੱਸਾ ਇਸ ਅੱਗ ਵਿਚ ਨਸ਼ਟ ਹੋ ਗਿਆ। ਇਸ ਘਟਨਾ ਨਾਲ ਨਾ ਸਿਰਫ ਪੈਰਿਸ ਸਗੋਂ ਪੂਰੀ ਦੁਨੀਆ ਦੁਖੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਨੇ ਚਰਚ ਨੂੰ ਦੁਬਾਰਾ ਬਣਾਉਣ ਦੀ ਗੱਲ ਕਹੀ ਹੈ। ਮੈਕਰੋਂ ਨੇ ਕਿਹਾ,''ਮੇਰੇ ਦੇਸ਼ਵਾਸੀਆਂ ਵਾਂਗ ਮੈਂ ਵੀ ਅੱਜ ਬਹੁਤ ਦੁਖੀ ਹਾਂ। ਮੈਨੂੰ ਇਹ ਦੇਖ ਕੇ ਤਕਲੀਫ ਹੋ ਰਹੀ ਹੈ ਸਾਡਾ ਇਕ ਹਿੱਸਾ ਸੜ ਗਿਆ।'' 

ਇਸ ਘਟਨਾ 'ਤੇ ਦੁਨੀਆ ਭਰ ਦੇ ਨੇਤਾਵਾਂ ਨੇ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ। ਇਸ ਘਟਨਾ 'ਤੇ ਪੁਰਤਗਾਲ ਦੇ ਰਾਸ਼ਟਰਪਤੀ ਰੇਬੇਲੋ ਡੀ ਸੋਊਸਾ ਅਤੇ ਪ੍ਰਧਾਨ ਮੰਤਰੀ ਐਂਟੋਨਿਓ ਕੋਸਟਾ ਨੇ ਸੋਗ ਪ੍ਰਗਟ ਕੀਤਾ। ਸੋਊਸਾ ਨੇ ਸੋਮਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੂੰ ਸੰਦੇਸ਼ ਭੇਜ ਕੇ ਕਿਹਾ ਕਿ ਨੋਟਰੇ ਡੈਮ ਕੈਥੇਡ੍ਰਲ ਵਿਚ ਅੱਗ ਲੱਗਣ ਨਾਲ ਲੋਕਾਂ ਦੇ ਦਿਲ ਅਤੇ ਆਤਮਾ ਨੂੰ ਸੱਟ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫਰਾਂਸ ਦੇ ਲੋਕਾਂ ਲਈ ਨਹੀਂ ਸਗੋਂ ਯੂਰਪ ਅਤੇ ਪੂਰੇ ਵਿਸ਼ਵ ਲਈ ਦੁਖਦਾਈ ਘਟਨਾ ਹੈ। 

PunjabKesari

ਪ੍ਰਧਾਨ ਮੰਤਰੀ ਐਂਟੋਨਿਓ ਕੋਸਟਾ ਨੇ ਮੈਕਰੋਂ ਨੂੰ ਭੇਜੇ ਆਪਣੇ ਸੰਦੇਸ਼ ਵਿਚ ਕਿਹਾ ਕਿ ਅੱਗ ਦੀ ਇਸ ਭਿਆਨਕ ਹਾਦਸੇ ਦੇ ਸਮੇਂ ਪੁਰਤਗਾਲ ਫਰਾਂਸ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਦੇ ਨਾਲ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ,''ਮੈਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਸ਼ਹਿਰ ਦੀ ਮੇਅਰ ਐਨੀ ਹਿਡਾਲਗੋ ਦੇ ਨਾਲ ਦੁੱਖ ਦੀ ਇਸ ਘੜੀ ਵਿਚ ਇਕਜੁੱਟਤਾ ਜ਼ਾਹਰ ਕੀਤੀ ਹੈ।'' ਕੋਸਟਾ ਨੇ ਟਵੀਟ ਕੀਤਾ,''ਅੱਗ ਵਿਚ ਯੂਰਪੀ ਇਤਿਹਾਸ ਦਾ ਇਕ ਹਿੱਸਾ ਨਸ਼ਟ ਹੋ ਗਿਆ।'' 

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀ ਇਸ ਘਟਨਾ 'ਤੇ ਸੋਗ ਪ੍ਰਗਟ ਕੀਤਾ। ਪੋਂਪਿਓ ਨੇ ਟਵਿੱਟਰ 'ਤੇ ਲਿਖਿਆ,''ਨੋਟਰੇ ਡੈਮ ਕੈਥੇਡ੍ਰਲ ਵਿਚ ਲੱਗੀ ਭਿਆਨਕ ਅੱਗ ਨੂੰ ਦੇਖ ਰਹੇ ਜ਼ਿਆਦਾਤਰ ਅਮਰੀਕੀ ਨਾਗਰਿਕਾਂ ਵਾਂਗ ਮੈਂ ਵੀ ਇਸ ਪਵਿੱਤਰ ਸਥਲ ਦੇ ਵਿਨਾਸ਼ ਅਤੇ ਨੁਕਸਾਨ ਨੂੰ ਲੈ ਕੇ ਦੁਖੀ ਹਾਂ। ਫਰਾਂਸ ਦੇ ਲੋਕਾਂ, ਕੈਥੋਲਿਕ ਭਾਈਚਾਰੇ ਦੇ ਲੋਕਾਂ ਅਤੇ ਦੁਨੀਆ ਭਰ ਦੇ ਉਨ੍ਹਾਂ ਸਾਰੇ ਲੋਕਾਂ ਪ੍ਰਤੀ ਮੇਰੀ ਗੰਭੀਰ ਹਮਦਰਦੀ ਹੈ ਜੋ ਇਸ ਇਮਾਰਤ ਦੀ ਸੁੰਦਰਤਾ ਅਤੇ ਇਤਿਹਾਸ ਦੇ ਪ੍ਰਸ਼ੰਸਕ ਰਹੇ ਹਨ।''

ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ,''ਨੋਟਰੇ ਡੈਮ ਦੁਨੀਆ ਦੀ ਵੱਡੀਆਂ ਵਿਰਾਸਤਾਂ ਵਿਚੋਂ ਇਕ ਹੈ ਅਤੇ ਦੁੱਖ ਦੇ ਸਮੇਂ ਅਸੀਂ ਫਰਾਂਸ ਦੇ ਲੋਕਾਂ ਨਾਲ ਹਾਂ। ਜਦੋਂ ਅਸੀਂ ਇਤਿਹਾਸ ਨਸ਼ਟ ਹੁੰਦਾ ਦੇਖਦੇ ਹਾਂ ਤਾਂ ਅਸੀਂ ਦੁਖੀ ਹੁੰਦੇ ਹਾਂ ਪਰ ਆਉਣ ਵਾਲੇ ਕੱਲ ਲਈ ਫਿਰ ਤੋਂ ਮਜ਼ਬੂਤੀ ਨਾਲ ਖੜ੍ਹੇ ਹੋਣਾ ਵੀ ਸਾਡਾ ਸੁਭਾਅ ਹੈ।''

PunjabKesari

ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਨੇ ਨੋਟਰੇ ਡੈਮ ਕੈਥੇਡ੍ਰਲ ਨੂੰ ਯੂਰਪੀ ਸੰਸਕ੍ਰਿਤੀ ਦਾ ਪ੍ਰਤੀਕ ਕਿਹਾ ਹੈ। ਉੱਥੇ ਵੈਟੀਕਨ ਨੇ ਵੀ ਚਰਚ ਵਿਚ ਹੋਏ ਹਾਦਸੇ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਕ ਟਵੀਟ ਕੀਤਾ,''ਨੋਟਰੇ ਡੈਮ ਕੈਥੇਡ੍ਰਲ ਵਿਚ ਲੱਗੀ ਅੱਗ ਦੀਆਂ ਤਸਵੀਰਾਂ ਦੇਖ ਡਰਿਆ ਹੋਇਆ ਹਾਂ। ਪੈਰਿਸ ਵਿਚ ਇਹ ਵਿਸ਼ਵ ਵਿਰਾਸਤ ਦਾ ਇਕ ਵਿਲੱਖਣ ਉਦਾਹਰਣ 14ਵੀਂ ਸਦੀ ਦਾ ਹੈ। ਫਰਾਂਸ ਦੇ ਲੋਕਾਂ ਨਾਲ ਮੇਰੀ ਹਮਦਰਦੀ ਹੈ।'' 

ਯੂਨੇਸਕੋ ਦੀ ਪ੍ਰਮੁੱਖ ਆਡਰੇ ਏਜੋਲੇ ਨੇ ਵੀ ਘਟਨਾ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ,''ਯੂਨੇਸਕੋ ਸਥਿਤੀ 'ਤੇ ਨਜ਼ਰ ਬਣਾਏ ਹੋਏ ਹੈ। ਇਸ ਬੇਸ਼ਕੀਮਤੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਮੁੜ ਸਥਾਪਿਤ ਕਰਨ ਲਈ ਅਸੀਂ ਫਰਾਂਸ ਦੇ ਲੋਕਾਂ ਦੇ ਨਾਲ ਹਾਂ।'' ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ,''ਅੱਜ ਰਾਤ ਮੇਰੀ ਹਮਦਰਦੀ ਫਰਾਂਸ ਦੇ ਲੋਕਾਂ ਨਾਲ ਅਤੇ ਐਮਰਜੈਂਸੀ ਸੇਵਾਵਾਂ ਦੇ ਰਹੇ ਕਰਮੀਆਂ ਨਾਲ ਹੈ।'' ਇਟਲੀ ਦੇ ਪੋਪ ਫ੍ਰਾਂਸਿਸ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਪੋਪ ਨੇ ਕਿਹਾ,''ਉਹ ਫਰਾਂਸ ਦੇ ਲੋਕਾਂ ਦੇ ਨਾਲ ਹਨ ਅਤੇ ਰੋਮਨ ਕੈਥੋਲਿਕ ਅਤੇ ਪੈਰਿਸ ਵਸਨੀਕਾਂ ਲਈ ਪ੍ਰਾਰਥਨਾ ਕਰ ਰਹੇ ਹਨ।'' 

ਵੈਟੀਕਨ ਸਿਟੀ ਦੇ ਪ੍ਰੈੱਸ ਦਫਤਰ ਐਲੇਸਾਂਦਰੋ ਗਿਸੋਤੀ ਨੇ ਟਵੀਟ ਕੀਤਾ,''ਪੋਪ ਫਰਾਂਸ ਦੇ ਕਾਫੀ ਕਰੀਬ ਹਨ। ਉਹ ਨੋਟਰੇ-ਡੈਮ ਕੈਥੇਡ੍ਰਲ ਵਿਚ ਲੱਗੀ ਅੱਗ ਦੇ ਬਾਅਦ ਦੁੱਖ ਦੀ ਇਸ ਘੜੀ ਵਿਚ ਫਰਾਂਸ ਦੇ ਕੈਥੋਲਿਕ ਅਤੇ ਪੈਰਿਸ ਦੇ ਲੋਕਾਂ ਲਈ ਪ੍ਰਾਰਥਨਾ ਕਰ ਰਹੇ ਹਨ।'' ਇਨ੍ਹਾਂ ਸਾਰਿਆਂ ਦੇ ਇਲਾਵਾ ਜਰਮਨੀ, ਨੀਦਰਲੈਂਡ, ਪੋਲੈਂਡ, ਸਪੇਨ, ਬੈਲਜੀਅਮ ਅਤੇ ਈਰਾਨ ਨੇ ਵੀ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ।


author

Vandana

Content Editor

Related News