ਯੂਰਪ ਤੋਂ ਮੁੜਨਾ ਹੋ ਸਕਦਾ ਹੈ ਔਖਾ, 2 ਹੋਰ ਦੇਸ਼ਾਂ ਵਿਚ ਘਰੋਂ ਨਿਕਲਣ ''ਤੇ ਪਾਬੰਦੀ

03/15/2020 3:51:28 PM

(ਪੈਰਿਸ, ਸਪੇਨ)— ਯੂਰਪ ਘੁੰਮਣ ਲਈ ਨਿਕਲੇ ਹੋ ਤਾਂ ਵਾਪਸੀ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੰਨਾ ਹੀ ਨਹੀਂ ਇਟਲੀ ਦੇ ਨਾਲ-ਨਾਲ ਹੁਣ ਸਪੇਨ, ਫਰਾਂਸ 'ਚ ਵਿਹਲੇ ਵੀ ਰਹਿਣਾ ਪੈ ਸਕਦਾ ਹੈ ਕਿਉਂਕਿ ਇੱਥੇ ਵੀ ਲਾਕਡਾਊਨ ਦੀ ਘੰਟੀ ਵੱਜ ਗਈ ਹੈ। ਹੁਣ ਤੱਕ ਇਟਲੀ 'ਚ ਲੋਕਾਂ 'ਤੇ ਸਖਤ ਪਾਬੰਦੀ ਲੱਗੀ ਸੀ। ਹੁਣ ਫਰਾਂਸ ਨੇ ਵੀ ਆਈਫਲ ਟਾਵਰ, ਕੈਫੇ, ਰੈਸਟੋਰੈਂਟ ਤੇ ਸਿਨੇਮਾ ਸਮੇਤ ਸਭ ਕੁਝ ਬੰਦ ਕਰ ਦਿੱਤੇ ਹਨ। ਓਧਰ ਸਪੇਨ ਨੇ 4.6 ਕਰੋੜ ਤੋਂ ਵੱਧ ਸਿਟੀਜ਼ਨਸ ਨੂੰ ਲਾਕਡਾਊਨ ਕਰ ਦਿੱਤਾ ਹੈ। ਸਪੇਨ 'ਚ ਲੋਕਾਂ ਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਫ ਜ਼ਰੂਰੀ ਚੀਜ਼ਾਂ ਤੇ ਦਵਾਈਆਂ ਖਰੀਦਣ ਜਾਂ ਕੰਮ 'ਤੇ ਜਾਣ ਲਈ ਹੀ ਬਾਹਰ ਨਿਕਲ ਸਕਦੇ ਹਨ।

191 ਮੌਤਾਂ ਨਾਲ ਸਪੇਨ ਇਟਲੀ ਤੋਂ ਬਾਅਦ ਯੂਰਪ ਦਾ ਹੁਣ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਫਰਾਂਸ 'ਚ ਜਿੱਥੇ 91 ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਕੈਫੇ, ਰੈਸਟੋਰੈਂਟ, ਸਿਨੇਮਾਘਰ ਤੇ ਜ਼ਿਆਦਾਤਰ ਦੁਕਾਨਾਂ ਹੁਣ ਬੰਦ ਹਨ। ਕਈ ਕਾਰੋਬਾਰ ਤੇ ਦੁਕਾਨਾਂ ਬੰਦ ਹੋਣ ਨਾਲ ਪੈਸੇ ਕਮਾਉਣ ਲਈ ਇਨ੍ਹਾਂ ਦੇਸ਼ਾਂ 'ਚ ਗਏ ਲੋਕਾਂ ਦੀ ਕਮਾਈ ਪ੍ਰਭਾਵਿਤ ਹੋ ਸਕਦੀ ਹੈ।

PunjabKesari

 

ਬਿਨਾਂ ਕਾਰਨ ਨਿਕਲਣ 'ਤੇ ਜੁਰਮਾਨਾ
ਇਟਲੀ 'ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 1,440 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਸਰਕਾਰ ਨੇ 9 ਮਾਰਚ ਨੂੰ ਦੇਸ਼ ਭਰ 'ਚ ਤਾਲਾਬੰਦੀ ਸ਼ੁਰੂ ਕੀਤੀ ਸੀ। ਇੱਥੇ ਬਿਨਾਂ ਕਾਰਨ ਇਕ ਸਥਾਨ ਤੋਂ ਦੂਜੀ ਜਗ੍ਹਾ ਜਾਣ 'ਤੇ ਜੁਰਮਾਨਾ ਲਗਾਇਆ ਜਾ ਰਿਹਾ ਹੈ।
ਉੱਥੇ ਹੀ, ਭਾਰਤ ਸਰਕਾਰ ਦੇ ਨਵੇਂ ਨਿਯਮਾਂ ਤਹਿਤ ਕੋਵਿਡ-19 ਜਾਂਚ ਰਿਪੋਰਟ ਦੇ ਬਿਨਾਂ ਕਿਸੇ ਨੂੰ ਵੀ ਭਾਰਤ ਵਾਪਸ ਪਰਤਣ ਦੀ ਇਜਾਜ਼ਤ ਨਹੀਂ ਹੈ। ਨਿਯਮਾਂ ਮੁਤਾਬਕ, ਫਿਟ-ਟੂ-ਫਲਾਈ ਸਰਟੀਫਿਕੇਟ ਦੀ ਜ਼ਰੂਰਤ ਹੈ। ਹਾਲਾਂਕਿ, ਮਿਲਾਨ ਤੋਂ 218 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਅੱਜ ਰਵਾਨਾ ਹੋ ਗਿਆ ਹੈ, ਜੋ ਜਲਦ ਹੀ ਭਾਰਤ 'ਚ ਲੈਂਡ ਹੋਵੇਗਾ। ਇਨ੍ਹਾਂ ਨੂੰ ਦਿੱਲੀ 'ਚ ITBP ਦੇ ਛਾਵਲਾ ਕੈਂਪ ਵਿੱਚ ਰੱਖਿਆ ਜਾਵੇਗਾ।

PunjabKesari

ਇਟਲੀ ਕੋਰੋਨਾ ਵਾਇਰਸ ਕਾਰਨ ਪੂਰੀ ਤਰ੍ਹਾਂ ਬੰਦ ਹੈ। ਸੜਕਾਂ ਸੁੰਨਸਾਨ ਹਨ। ਇੱਥੇ ਹਾਲਾਤ ਇਹ ਹਨ ਕਿ ਮਾਸਕ ਵੀ ਨਹੀਂ ਮਿਲ ਰਹੇ ਹਨ। ਸੈਨੇਟਾਈਜ਼ਰ ਵੀ ਬਾਜ਼ਾਰ 'ਚੋਂ ਗਾਇਬ ਹਨ। ਬਿਨਾਂ ਕਾਰਨ ਕਿਸੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ 'ਤੇ 150 ਯੂਰੋ ਦਾ ਜੁਰਮਾਨਾ ਲੱਗ ਸਕਦਾ ਹੈ ਜਾਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸਿਰਫ ਮੈਡੀਕਲ ਸਟੋਰ ਖੁੱਲ੍ਹੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦਾ ਕਹਿਣਾ ਹੈ ਕਿ ਯੂਰਪ ਹੁਣ ਮਹਾਂਮਾਰੀ ਦਾ "ਕੇਂਦਰ" ਹੈ।

PunjabKesari

ਉੱਥੇ ਹੀ, ਸਪੇਨ ਦੀ ਗੱਲ ਕਰੀਏ ਤਾਂ 4.67 ਕਰੋੜ ਆਬਾਦੀ ਵਾਲੇ ਇਸ ਦੇਸ਼ 'ਚ 6,300 ਤੋਂ ਵੱਧ ਲੋਕ ਵਾਇਰਸ ਨਾਲ ਇਨਫੈਕਟਡ ਹੋ ਚੁੱਕੇ ਹਨ। ਸ਼ਨੀਵਾਰ ਦੇਰ ਰਾਤ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਦੀ ਪਤਨੀ 'ਚ ਵੀ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ 6.35 ਕਰੋੜ ਦੀ ਆਬਾਦੀ ਵਾਲੇ ਫਰਾਂਸ 'ਚ 4,400 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹਨ।

 


Related News