ਪਾਕਿ 'ਚ ਕੋਰੋਨਾ ਦੀ ਚੌਥੀ ਲਹਿਰ ਨੇ ਦਿੱਤੀ ਦਸਤਕ, ਸਰਕਾਰ ਨੇ ਸਕੂਲ ਬੰਦ ਅਤੇ ਤਾਲਾਬੰਦੀ ਲਗਾਉਣ ਤੋਂ ਕੀਤਾ ਇਨਕਾਰ
Saturday, Jan 15, 2022 - 11:06 AM (IST)
ਇੰਟਰਨੈਸ਼ਨਲ ਡੈਕਸ- ਕੋਰੋਨਾ ਦੇ ਮਾਮਲਿਆਂ 'ਚ ਹਮੇਸ਼ਾ ਭਾਰਤ 'ਤੇ ਨਿਸ਼ਾਨਾ ਵਿੰਨ੍ਹਣ ਵਾਲੇ ਇਮਰਾਨ ਖਾਨ ਦੇ ਦੇਸ਼ ਪਾਕਿਸਤਾਨ 'ਚ ਕੋਵਿਡ ਦੀ ਚੌਥੀ ਲਹਿਰ ਨੇ ਤੇਜ਼ੀ ਨਾਲ ਦਸਤਕ ਦੇ ਦਿੱਤੀ ਹੈ। ਪਾਕਿਸਤਾਨ 'ਚ ਵੀਰਵਾਰ ਨੂੰ ਚਾਰ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਕੋਰੋਨਾ ਵਾਇਰਸ (ਕੋਵਿਡ-19) ਸੰਕਰਮਣ ਦੇ 3,000 ਨਵੇਂ ਮਾਮਲੇ ਸਾਹਮਣੇ ਆਏ। ਡਾਨ ਅਖਬਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧਦੇ ਮਾਮਲਿਆਂ ਦੇ ਨਾਲ ਦੇਸ਼ 'ਚ ਸੰਕਰਮਿਤਾਂ ਦੀ ਦਰ 'ਚ ਇਕ ਮਹੀਨੇ 'ਚ ਤੇਜ਼ੀ ਨਾਲ ਨੌ ਗੁਣਾ ਵਾਧਾ ਹੋਇਆ ਹੈ।
13 ਦਸੰਬਰ 2021 ਨੂੰ ਕੋਰੋਨਾ ਪਾਜ਼ੇਟਿਵਿਟੀ ਦਰ 0.69 ਫੀਸਦੀ ਸੀ ਜੋ ਵੀਰਵਾਰ ਨੂੰ ਵੱਧ ਕੇ 6.12 ਫੀਸਦੀ ਹੋ ਗਈ। ਕਰਾਚੀ 'ਚ ਪਾਜ਼ੇਟਿਵਿਟੀ ਦਰ 20.45 ਫੀਸਦੀ, ਲਾਹੌਰ 'ਚ 10.7 ਫੀਸਦੀ, ਰਾਵਲਪਿੰਡੀ 'ਚ 7.35 ਫੀਸਦੀ, ਇਸਲਾਮਾਬਾਦ 'ਚ 6.3 ਫੀਸਦੀ, ਗਿਲਗਿਤ 'ਚ 5.88 ਫੀਸਦੀ ਅਤੇ ਗੁਜਰਾਤ 'ਚ 5.81 ਫੀਸਦੀ ਦਰਜ ਕੀਤੀ ਗਈ ਹੈ। ਰਾਸ਼ਟਰੀ ਕਮਾਨ ਅਤੇ ਸੰਚਾਲਨ ਕੇਂਦਰ (ਐੱਨ.ਸੀ.ਓ.ਸੀ.) ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,019 ਸਰਗਰਮ ਮਾਮਲੇ ਦਰਜ ਹੋਏ ਹਨ ਅਤੇ ਇਸ ਦੌਰਾਨ ਪੰਜ ਮਰੀਜ਼ਾਂ ਦੀ ਮੌਤ ਹੋਈ ਹੈ ਜਦੋਂਕਿ 651 ਮਰੀਜ਼ਾਂ ਦੀ ਸਥਿਤੀ ਗੰਭੀਰ ਹੈ ਜਿਸ ਦਾ ਇਲਾਜ ਗਹਿਨ ਦੇਖਭਾਲ 'ਚ ਹੋ ਰਿਹਾ ਹੈ। ਇਸ ਵਿਚਾਲੇ ਸੰਘੀ ਸਿੱਖਿਆ ਅਤੇ ਵੋਕੇਸ਼ਨਲ ਸਿਖਲਾਈ ਮੰਤਰੀ ਸ਼ਫਕਤ ਮਹਿਮੂਦ ਵੀਰਵਾਰ ਨੂੰ ਪਾਜ਼ੇਟਿਵ ਪਾਏ ਗਏ।
ਉਧਰ ਪਾਕਿਸਤਾਨ ਸਰਕਾਰ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਉਛਾਲ ਤੋਂ ਬਾਅਦ ਵੀ ਸਕੂਲਾਂ ਨੂੰ ਬੰਦ ਕਰਨ ਅਤੇ ਤਾਲਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸਥਾਨਕ ਮੀਡੀਆ ਰਿਪੋਰਟ ਨੇ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਦੇ ਹਵਾਲੇ ਨਾਲ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਦੇਸ਼ 'ਚ ਵਧਦੀਆਂ ਕੋਰੋਨਾ ਸਥਿਤੀਆਂ ਤੋਂ ਜਾਣੂ ਹੈ ਪਰ ਪਾਕਿਸਤਾਨ ਇਕ ਹੋਰ ਤਾਲਾਬੰਦੀ ਤੋਂ ਨਹੀਂ ਲੰਘੇਗਾ ਅਤੇ ਸਕੂਲ ਵੀ ਹੁਣ ਬੰਦ ਨਹੀਂ ਹੋਣਗੇ।