ਨਿਊਜ਼ੀਲੈਂਡ ''ਚ ਮੰਕੀਪਾਕਸ ਦੇ 4 ਨਵੇਂ ਮਾਮਲੇ ਆਏ ਸਾਹਮਣੇ
Thursday, Sep 22, 2022 - 04:05 PM (IST)

ਵੈਲਿੰਗਟਨ (ਏਜੰਸੀ)- ਨਿਊਜ਼ੀਲੈਂਡ ਵਿਚ ਵੀਰਵਾਰ ਨੂੰ ਮੰਕੀਪਾਕਸ ਦੇ 4 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿਚ ਇਸ ਬਿਮਾਰੀ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 9 ਹੋ ਗਈ ਹੈ। ਸਿਹਤ ਮੰਤਰਾਲਾ ਅਨੁਸਾਰ 4 ਲੋਕਾਂ ਦੇ ਸਰਗਰਮ ਪਾਏ ਜਾਣ ਤੋਂ ਬਾਅਦ ਤਿੰਨ ਨੂੰ ਆਕਲੈਂਡ ਖੇਤਰ ਵਿੱਚ ਅਤੇ ਇਕ ਨੂੰ ਦੱਖਣੀ ਆਈਲੈਂਡ ਵਿੱਚ ਅਲੱਗ ਰੱਖਿਆ ਗਿਆ ਹੈ। ਇਹ ਚਾਰ ਮਾਮਲੇ ਪਿਛਲੇ ਸੱਤ ਦਿਨਾਂ ਵਿੱਚ ਸਾਹਮਣੇ ਆਏ ਹਨ, ਜੋ ਸਾਰੇ ਹਾਲ ਹੀ ਵਿੱਚ ਵਿਦੇਸ਼ ਤੋਂ ਪਰਤੇ ਹਨ।
ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁਲਾਂਕਣ ਦੇ ਅਨੁਸਾਰ, ਸਾਰੇ ਚਾਰ ਮਾਮਲਿਆਂ ਵਿੱਚ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਸਬੂਤ ਨਹੀਂ ਮਿਲੇ ਹਨ ਅਤੇ ਜਨਤਕ ਸਿਹਤ ਕਰਮਚਾਰੀਆਂ ਵਿੱਚ ਵੀ ਸੰਕਰਮਣ ਦਾ ਜੋਖ਼ਮ ਬਹੁਤ ਘੱਟ ਹੈ। ਸਿਹਤ ਮੰਤਰਾਲਾ ਮੰਕੀਪਾਕਸ ਨਾਲ ਜੁੜੀਆਂ ਘਟਨਾਵਾਂ 'ਤੇ ਨਜ਼ਰ ਰੱਖ ਰਿਹਾ ਹੈ। ਸੰਭਾਵਿਤ ਮਾਮਲਿਆਂ ਦੀ ਪਛਾਣ ਕਰਨ ਲਈ ਜਨਤਕ ਸਿਹਤ ਯੂਨਿਟਾਂ, ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਜਿਨਸੀ ਸਿਹਤ ਕਲੀਨਿਕਾਂ ਨੂੰ ਸਲਾਹ ਦਿੱਤੀ ਗਈ ਹੈ।