ਵੀਅਤਨਾਮ ''ਚ ਹੜ੍ਹ ਕਾਰਨ 4 ਮੌਤਾਂ, 200 ਦੇ ਕਰੀਬ ਘਰ ਡੁੱਬੇ
Friday, Sep 29, 2023 - 05:20 PM (IST)

ਹਨੋਈ (ਵਾਰਤਾ)- ਵੀਅਤਨਾਮ ਦੇ ਉੱਤਰੀ ਅਤੇ ਮੱਧ ਖੇਤਰਾਂ 'ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਦੇਸ਼ ਦੀ ਕੁਦਰਤੀ ਆਫ਼ਤ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਸੰਚਾਲਨ ਕਮੇਟੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਮੀਂਹ ਵਿਚ 4 ਲੋਕ ਲਾਪਤਾ ਹੋ ਗਏ, ਜਿਸ ਨਾਲ ਹੜ੍ਹ ਅਤੇ ਜ਼ਮੀਨ ਵੀ ਖਿਸਕੀ, ਸੜਕਾਂ ਬੰਦ ਹੋ ਗਈਆਂ ਅਤੇ ਥਾਨ ਹੋਆ, ਨਘੇ ਐਨ, ਹਾ ਤਿਨਹ ਅਤੇ ਕਵਾਂਗ ਬਿਨਹ ਸੂਬਿਆਂ ਵਿੱਚ ਸਥਾਨਕ ਉਤਪਾਦਨ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਵਿਘਨ ਪਿਆ।
ਹੜ੍ਹ ਕਾਰਨ ਕਰੀਬ 200 ਘਰ ਡੁੱਬ ਗਏ, ਜਦਕਿ ਸੈਂਕੜੇ ਹੋਰ ਢਹਿ ਗਏ। ਕਮੇਟੀ ਮੁਤਾਬਕ ਹੜ੍ਹ ਵਿੱਚ 4000 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਗਈ। ਪ੍ਰਧਾਨ ਮੰਤਰੀ ਫਾਮ ਮਿਨਹ ਚਿਨਹ ਨੇ ਸਬੰਧਤ ਮੰਤਰਾਲਿਆਂ ਅਤੇ ਸਥਾਨਕ ਅਧਿਕਾਰੀਆਂ ਨੂੰ ਜ਼ਮੀਨ ਖਿਸਕਣ ਦੇ ਜੋਖ਼ਮ ਵਾਲੇ ਖੇਤਰਾਂ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਨਿਰਮਾਣ ਸਥਾਨਾਂ, ਡੈਮਾਂ ਅਤੇ ਜਲ ਭੰਡਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਉਪਾਅ ਕਰਨ ਦੇ ਆਦੇਸ਼ ਦਿੱਤੇ ਹਨ।