ਅਮਰੀਕਾ : ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ 'ਚ 4 ਲੋਕਾਂ ਦੀ ਮੌਤ ਤੇ 18 ਜ਼ਖਮੀ

Monday, Aug 17, 2020 - 10:44 AM (IST)

ਵਾਸ਼ਿੰਗਟਨ- ਅਮਰੀਕਾ ਦੇ ਸਿਨਸਿਨਾਟੀ ਸ਼ਹਿਰ ਵਿਚ ਬੀਤੀ ਰਾਤ ਸ਼ਹਿਰ ਵਿਚ ਕਈ ਥਾਵਾਂ ‘ਤੇ ਗੋਲੀਬਾਰੀ ਹੋਈ, ਜਿਸ ਵਿਚ ਘੱਟੋ-ਘੱਟ 18 ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਅਤੇ ਇਨ੍ਹਾਂ ਵਿੱਚੋਂ ਚਾਰ ਲੋਕਾਂ ਦੀ ਜਾਨ ਚਲੀ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੁਲਸ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਨ੍ਹਾਂ ਨੂੰ ਸ਼ਨੀਵਾਰ ਅੱਧੀ ਰਾਤ ਦੇ ਬਾਅਦ ਕਰੀਬ 12.30 ਵਜੇ ਐਵਨਡੇਲ ਵਿਖੇ ਗੋਲੀਬਾਰੀ ਦੀ ਘਟਨਾ ਬਾਰੇ ਪਤਾ ਲੱਗਿਆ ਅਤੇ ਉਹ ਮੌਕੇ ‘ਤੇ ਪਹੁੰਚ ਗਏ, ਜਿਥੇ ਉਨ੍ਹਾਂ ਨੂੰ 21 ਸਾਲਾ ਐਂਟੋਨੀਓ ਬਲੇਅਰ ਜ਼ਖ਼ਮੀ ਮਿਲਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਤਿੰਨ ਹੋਰ ਜ਼ਖਮੀਆਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਹੈ। 

ਇਸ ਦੇ ਬਾਅਦ ਸ਼ਹਿਰ ਦੇ ਓਵਰ-ਦਿ-ਰਾਈਨ ਖੇਤਰ ਵਿਚ ਦੇਰ ਰਾਤ ਤੇ ਤੜਕੇ ਦੇ ਸਮੇਂ ਵਿਚਕਾਰ ਲਗਭਗ 2.15 ਵਜੇ ਗੋਲੀਬਾਰੀ ਦੀ ਘਟਨਾ ਵਿਚ 10 ਵਿਅਕਤੀਆਂ ਨੂੰ ਗੋਲੀਆਂ ਮਾਰੀਆਂ ਗਈਆਂ, ਜਿਨ੍ਹਾਂ ਵਿਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਸਰੇ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਦੋਹਾਂ ਦੀ ਪਛਾਣ 34 ਸਾਲਾ ਰੌਬਰਟ ਰਾਗਰਸ ਅਤੇ 30 ਸਾਲਾ ਜੈਕਵਿਜ ਗ੍ਰਾਂਟ ਵਜੋਂ ਹੋਈ ਹੈ।

ਪੁਲਸ ਨੇ ਦੱਸਿਆ ਕਿ ਸ਼ਨੀਵਾਰ ਦੀ ਅੱਧੀ ਰਾਤ ਵਾਲੰਟ ਹਿਲਸ ਵਿਚ ਤਿੰਨ ਵਿਅਕਤੀਆਂ ਨੂੰ ਗੋਲੀਆਂ ਮਾਰੀਆਂ ਗਈਆਂ। ਸਹਾਇਕ ਥਾਣਾ ਮੁਖੀ ਪਾਲ ਨਿਊਡੀਗੇਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵੱਖਰੀਆਂ ਘਟਨਾਵਾਂ ਜਾਪਦੀਆਂ ਹਨ, ਜੋ ਕਿ ਦੁਖਦਾਈ ਹਨ। ਇਸ ਘਟਨਾ ਵਿਚ ਸ਼ਾਮਲ ਕਿਸੇ ਵੀ ਸ਼ੱਕੀ ਵਿਅਕਤੀ ਦੀ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਵਿਚ ਮਾਰੇ ਗਏ ਚੌਥੇ ਵਿਅਕਤੀ ਦੀ ਪਛਾਣ ਅਜੇ ਨਹੀਂ ਹੋ ਸਕੀ। ਸ਼ਹਿਰ ਦੇ ਮੇਅਰ ਜੌਹਨ ਕ੍ਰੇਨਲੀ ਨੇ ਇਕ ਬਿਆਨ ਵਿਚ ਕਿਹਾ, “ਗੋਲੀਬਾਰੀ ਨੇ ਕਈ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਅਤੇ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਇਹ ਘਟਨਾਵਾਂ ਅਜਿਹੇ ਸਮੇਂ ਵਾਪਰ ਰਹੀਆਂ ਹਨ ਜਦ ਅਮਰੀਕਾ ਕੋਰੋਨਾ ਵਾਇਰਸ ਦੀ ਬੁਰੀ ਤਰ੍ਹਾਂ ਮਾਰ ਝੱਲ ਰਿਹਾ ਹੈ। 


Lalita Mam

Content Editor

Related News