ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਵਾਲਟਰ ਮੋਂਡੇਲੇ ਦਾ ਦਿਹਾਂਤ

04/20/2021 4:25:29 PM

ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਵਾਲਟਰ ਐੱਫ. ਮੋਂਡੇਲੇ ਦਾ 93 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਸ਼੍ਰੀ ਵਾਲਟਰ ਦੇ ਪਰਿਵਾਰਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਸ਼੍ਰੀ ਵਾਲਟਰ ਦਾ ਦਿਹਾਂਤ ਸੋਮਵਾਰ ਨੂੰ ਹੋਇਆ। ਉਸ ਨੇ ਸਾਬਕਾ ਉਪ-ਰਾਸ਼ਟਰਪਤੀ ਦੇ ਦਿਹਾਂਤ ਦਾ ਕਾਰਨ ਸਪੱਸ਼ਟ ਨਹੀਂ ਕੀਤਾ। ਸ਼੍ਰੀ ਵਾਲਟਰ ਦੇ ਪਰਿਵਾਰ ’ਚ ਉਨ੍ਹਾਂ ਦੇ ਦੋ ਪੁੱਤ ਹਨ। ਉਨ੍ਹਾਂ ਦਾ ਦਿਹਾਂਤ ਉਨ੍ਹਾਂ ਦੇ ਗ੍ਰਹਿ ਮਿਨੀਆਪੋਲਿਸ ’ਚ ਹੋਇਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਸਾਲ 2014 ਵਿਚ ਦਿਹਾਂਤ ਹੋ ਗਿਆ ਸੀ।

ਸ਼੍ਰੀ ਵਾਲਟਰ ਨੇ 1960 ਦੀ ਸ਼ੁਰੂਆਤ ’ਚ ਮਿਨੀਸੋਟਾ ਦੇ ਅਟਾਰਨੀ ਜਨਰਨ ’ਚ ਆਪਣੀ ਸੇਵਾ ਦਿੱਤੀ ਸੀ ਤੇ ਬਾਅਦ ’ਚ ਹਿਊਬਟਰ ਹਮਫ੍ਰੇ ਦੀ ਸੀਟ ਖਾਲੀ ਹੋਣ ’ਤੇ ਉਥੋਂ ਅਮਰੀਕੀ ਸੀਨੇਟਰ ਦੇ ਤੌਰ ’ਤੇ ਕੰਮ ਕੀਤਾ ਤੇ ਉਹ ਉਪ-ਰਾਸ਼ਟਰਪਤੀ ਚੁਣੇ ਗਏ। ਇਕ ਸੀਨੇਟਰ ਦੇ ਤੌਰ ’ਤੇ ਉਹ ਵਿੱਤ ਸੰਮਤੀ, ਲੇਬਰ ਤੇ ਲੋਕ ਕਲਿਆਣ ਸੰਮਤੀ, ਬਜਟ ਸੰਮਤੀ ਤੇ ਬੈਂਕਿੰਗ, ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੀ ਸੰਮਤੀ ਦਾ ਹਿੱਸਾ ਵੀ ਬਣੇ ਸਨ। ਉਨ੍ਹਾਂ ਨੇ 1977 ਤੇ 1981 ਦਰਮਿਆਨ ਜਿਮੀ ਕਾਰਟਰ ਦੇ ਕਾਰਜਕਾਲ ’ਚ ਦੇਸ਼ ਦੇ 42ਵੇਂ ਉਪ-ਰਾਸ਼ਟਰਪਤੀ ਦੇ ਤੌਰ ’ਤੇ ਕੰਮ ਕੀਤਾ ਸੀ। ਸਾਲ 1984 ’ਚ ਉਹ ਵ੍ਹਾਈਟ ਹਾਊਸ ਦੀ ਦੌੜ ’ਚ ਹਾਰ ਗਏ। ਸ਼੍ਰੀ ਵਾਲਟਰ ਨਾਗਰਿਕ ਅਧਿਕਾਰਾਂ ਦੇ ਕੱਟੜ ਸਮਰਥਕ ਦੇ ਤੌਰ ’ਤੇ ਜਾਣੇ ਜਾਂਦੇ ਸਨ। ਉਨ੍ਹਾਂ ਨੇ ਬਿਲ ਕਲਿੰਟਨ ਦੇ ਕਾਰਜਕਾਲ ’ਚ ਜਾਪਾਨ ’ਚ ਅਮਰੀਕੀ ਰਾਜਦੂਤ ਤੇ ਇੰਡੋਨੇਸ਼ੀਆ ਦੇ ਦੂਤ ਦੇ ਤੌਰ ’ਤੇ ਵੀ ਆਪਣੀ ਸੇਵਾ ਦਿੱਤੀ ਸੀ।


Manoj

Content Editor

Related News