ਸਾਬਕਾ ਪਾਕਿਸਤਾਨੀ ਹਾਕੀ ਕਪਤਾਨ ਵਸੀਮ ਅਹਿਮਦ ਦਾ ਮੈਲਬੌਰਨ 'ਚ ਹੋਵੇਗਾ ਵਿਸ਼ੇਸ਼ ਸਨਮਾਨ
Wednesday, Jun 29, 2022 - 03:01 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਅਸਟਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਮੈਲਬੌਰਨ ਸਪੋਰਟਸ ਸੈਂਟਰ ਪਾਰਕਵਿਲੈ ਦੇ ਐਸਟਰੋਟਰਫ ਮੈਦਾਨ 'ਤੇ 23 ਤੋਂ 25 ਸਤੰਬਰ ਤੱਕ ਕਰਵਾਏ ਜਾ ਰਹੇ ਪਹਿਲੇ ਕੁਇੰਟ ਅਸੈਂਸੀਅਲ ਮੈਲਬੌਰਨ ਹਾਕੀ ਕੱਪ 2022 ਦੌਰਾਨ ਪਾਕਿਸਤਾਨੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਵਸੀਮ ਅਹਿਮਦ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਓਲੰਪੀਅਨ ਵਸੀਮ ਅਹਿਮਦ ਨੇ 410 ਅੰਤਰਰਾਸ਼ਟਰੀ ਹਾਕੀ ਮੈਚ ਖੇਡੇ ਹਨ, ਜੋ ਕਿ ਹੋਰ ਕਿਸੇ ਵੀ ਪਾਕਿਸਤਾਨੀ ਖਿਡਾਰੀ ਨੇ ਨਹੀਂ ਖੇਡੇ। ਓਲੰਪੀਅਨ ਵਸੀਮ ਅਹਿਮਦ ਓਲੰਪਿਕ ਖੇਡਾਂ, ਕਾਮਨਵੈਲਥ ਖੇਡਾਂ, ਏਸ਼ੀਆਈ ਖੇਡਾਂ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਸ ਸਨਮਾਨ ਸਬੰਧੀ ਓਲੰਪੀਅਨ ਵਸੀਮ ਅਹਿਮਦ, ਜੋ ਕਿ ਇਸ ਸਮੇਂ ਮੈਲਬੌਰਨ ਵਿੱਚ ਇਕ ਕਲੱਬ ਨੂੰ ਕੋਚਿੰਗ ਦੇ ਰਹੇ ਹਨ, ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਮੈਲਬੌਰਨ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਉਨ੍ਹਾਂ ਦਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਜਾ ਰਿਹਾ ਹੈ।