ਇੰਗਲੈਂਡ ਦੇ ਸਾਬਕਾ ਫੁੱਟਬਾਲਰ ਨੇ ''ਲੰਡਨ ਆਈ'' ਦੇ ਸਿਖਰ ''ਤੇ ਖੜ੍ਹੇ ਹੋ ਕੇ ਕੀਤੀ ਯੂਰੋ 2020 ਦੀ ਜਿੱਤ ਦੀ ਉਮੀਦ
Saturday, Jul 10, 2021 - 05:18 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀ ਫੁੱਟਬਾਲ ਟੀਮ ਯੂਰੋ 2020 ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਚੁੱਕੀ ਹੈ, ਜਿਥੇ ਉਸਦਾ ਮੁਕਾਬਲਾ ਐਤਵਾਰ ਨੂੰ ਵੈਂਬਲੀ ਸਟੇਡੀਅਮ ਵਿਚ ਇਟਲੀ ਨਾਲ ਹੋਵੇਗਾ। ਇੰਗਲੈਂਡ ਨੂੰ ਯੂਰੋ ਕੱਪ 'ਤੇ ਕਬਜਾ ਕਰਨ ਦਾ ਮੌਕਾ ਦਹਾਕਿਆਂ ਬਾਅਦ ਮਿਲਿਆ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ ਵਰਲਡ ਕੱਪ ਵਿਚ 1966 ਵਿਚ ਜਿੱਤ ਪ੍ਰਾਪਤ ਕੀਤੀ ਸੀ। 1966 ਦੇ ਵਿਸ਼ਵ ਕੱਪ ਦੇ ਜੇਤੂ ਇੰਗਲੈਂਡ ਟੀਮ ਦੇ ਸਾਬਕਾ ਖਿਡਾਰੀ ਜੌਫ ਹੌਰਸਟ ਨੇ ਸ਼ੁੱਕਰਵਾਰ ਨੂੰ ਲੰਡਨ ਆਈ ਦੇ ਸਿਖ਼ਰ 'ਤੇ ਖੜ੍ਹੇ ਹੋ ਕੇ ਟੀਮ ਨੂੰ ਉਤਸ਼ਾਹਿਤ ਕਰਦਿਆਂ ਇਸ ਵਾਰ ਜਿੱਤ ਦੀ ਉਮੀਦ ਕੀਤੀ ਹੈ।
ਜੌਫ ਹੌਰਸਟ ਨੇ 'ਲੰਡਨ ਆਈ' ਦੇ ਸਿਖ਼ਰ 'ਤੇ ਖੜੇ ਹੋ ਕੇ ਵੈਂਬਲੀ ਸਟੇਡੀਅਮ ਵੱਲ ਵੇਖਿਆ। ਇਸ 79 ਸਾਲਾ ਖਿਡਾਰੀ ਨੇ ਕਿਹਾ ਕਿ ਇੰਗਲੈਂਡ ਨੂੰ ਬਹੁਤ ਵਧੀਆ ਟੀਮ ਮਿਲੀ ਹੈ ਅਤੇ ਸਾਰੇ ਨੌਜਵਾਨ ਖਿਡਾਰੀ ਵਧੀਆ ਖੇਡ ਰਹੇ ਹਨ। ਜ਼ਿਕਰਯੋਗ ਹੈ ਕਿ ਜੌਫ ਹੌਰਸਟ ਨੇ 1966 ਦੇ ਫੁੱਟਬਾਲ ਵਰਲਡ ਕੱਪ ਦੇ ਫਾਈਨਲ ਮੈਚ ਵਿਚ ਜਰਮਨੀ ਵਿਰੁੱਧ ਜੇਤੂ ਗੋਲ ਕਰਕੇ ਇਤਿਹਾਸ ਬਣਾਇਆ ਸੀ।