ਹਾਫਿਜ਼ ਸਈਦ ਦੇ ਘਰ ਦੇ ਬਾਹਰ ਬੰਬ ਧਮਾਕਾ ਮਾਮਲੇ ’ਚ ਵਿਦੇਸ਼ੀ ਨਾਗਰਿਕ ਕਾਬੂ

Friday, Jun 25, 2021 - 05:40 PM (IST)

ਹਾਫਿਜ਼ ਸਈਦ ਦੇ ਘਰ ਦੇ ਬਾਹਰ ਬੰਬ ਧਮਾਕਾ ਮਾਮਲੇ ’ਚ ਵਿਦੇਸ਼ੀ ਨਾਗਰਿਕ ਕਾਬੂ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰ ਮਾਈਂਡ ਤੇ ਪਾਬੰਦੀਸ਼ੁਦਾ ਸੰਗਠਨ ਜਮਾਤ-ਉਦ- ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਦੇ ਘਰ ਦੇ ਬਾਹਰ ਕਾਰ ਬੰਬ ਧਮਾਕਾ ਮਾਮਲੇ ’ਚ ਇਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ’ਚ ਆਈਆਂ ਖਬਰਾਂ ’ਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਮਿਲੀ। ‘ਡਾਨ’ ਅਖਬਾਰ ਦੀ ਖਬਰ ਅਨੁਸਾਰ, ਸ਼ੱਕੀ ਵਿਅਕਤੀ ਦੀ ਪਛਾਣ ਪੀਟਰ ਪਾਲ ਡੇਵਿਡ ਦੇ ਤੌਰ ’ਤੇ ਹੋਈ ਹੈ ਤੇ ਉਸ ਨੂੰ ਵੀਰਵਾਰ ਲਾਹੌਰ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ‘ਦੁਨੀਆ ਟੀ. ਵੀ.’ ਦੀ ਖਬਰ ਮੁਤਾਬਕ ਡੇਵਿਡ ਨੂੰ ਕਰਾਚੀ ਜਾਣ ਵਾਲੇ ਇਕ ਜਹਾਜ਼ ’ਚੋਂ ਉਤਾਰ ਕੇ ਪੁੱਛਗਿੱਛ ਲਈ ਅਣਪਛਾਤੀ ਜਗ੍ਹਾ ’ਤੇ ਲਿਜਾਇਆ ਗਿਆ ਹੈ।

ਇਹ ਵੀ ਪੜ੍ਹੋ : ਬੱਚਿਆਂ ਦੀ ਸਿਹਤ ਪ੍ਰਤੀ ਚਿੰਤਤ ਬ੍ਰਿਟੇਨ ਸਰਕਾਰ ਨੇ ਜੰਕ ਫੂਡ ਦੇ ਇਸ਼ਤਿਹਾਰਾਂ ਸਬੰਧੀ ਲਿਆ ਵੱਡਾ ਫ਼ੈਸਲਾ 

ਅਜਿਹਾ ਦੱਸਿਆ ਗਿਆ ਹੈ ਕਿ ਉਹ ਧਮਾਕੇ ’ਚ ਵਰਤੀ ਗਈ ਕਾਰ ਦਾ ਮਾਲਕ ਹੈ। ਖਬਰ ਦੇ ਮੁਤਾਬਕ ਡੇਵਿਡ ਦੀਆਂ ਯਾਤਰਾਵਾਂ ਦੇ ਇਤਿਹਾਸ ਤੋਂ ਪਤਾ ਲੱਗਾ ਹੈ ਕਿ ਉਹ ਕਰਾਚੀ, ਲਾਹੌਰ ਤੇ ਦੁਬਈ ਲਗਾਤਾਰ ਆਉਂਦਾ-ਜਾਂਦਾ ਰਹਿੰਦਾ ਸੀ ਤੇ ਇਨ੍ਹਾਂ ਯਾਤਰਾਵਾਂ ਦੇ ਪਿਛਲੀ ਵਜ੍ਹਾ ਤੇ ਆਪਣੀਆਂ ਸਰਗਰਮੀਆਂ ਬਾਰੇ ਉਹ ਜਾਂਚਕਰਤਾਵਾਂ ਦੇ ਸਵਾਲਾਂ ਦਾ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਬੁੱਧਵਾਰ ਸਵੇਰੇ ਜੋਹਰ ਕਸਬੇ ’ਚ ਬੋਰਡ ਆਫ ਰੇਵੈਨਿਉੂ ਹਾਊਸਿੰਗ ਸੋਸਾਇਟੀ ’ਚ ਸਈਦ ਦੇ ਘਰ ਦੇ ਬਾਹਰ ਇਕ ਸ਼ਕਤੀਸ਼ਾਲੀ ਕਾਰ ਬੰਬ ਧਮਾਕੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਤੇ 21 ਹੋਰ ਜ਼ਖਮੀ ਹੋ ਗਏ ਸਨ। ਇਸ ਧਮਾਕੇ ਨਾਲ ਸਈਦ ਦੇ ਘਰ ਦੀਆਂ ਖਿੜਕੀਆਂ ਤੇ ਦੀਵਾਰਾਂ ਨੂੰ ਨੁਕਸਾਨ ਪਹੁੰਚਿਆ ਸੀ।

ਕਿਸੇ ਵੀ ਸੰਗਠਨ ਨੇ ਹੁਣ ਤਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਖਬਰ ’ਚ ਦੱਸਿਆ ਗਿਆ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਕ ਹੋਰ ਸ਼ੱਕੀ ਦੀ ਭਾਲ ਕਰ ਰਹੀਆਂ ਹਨ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਧਮਾਕਾਖੇਜ਼ ਸਮੱਗਰੀ ਨਾਲ ਭਰੀ ਕਾਰ ਨੂੰ ਉਹੀ ਸਬੰਧਿਤ ਜਗ੍ਹਾ ’ਤੇ ਲੈ ਕੇ ਆਇਆ ਸੀ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਕਾਰ 2010 ’ਚ ਪੰਜਾਬ ਸੂਬੇ ਦੇ ਗੁੱਜਰਾਂਵਾਲਾ ਤੋਂ ਚੋਰੀ ਹੋਈ ਸੀ ਤੇ ਇਸ ਨੂੰ ਕਈ ਵਾਰ ਖਰੀਦਿਆ-ਵੇਚਿਆ ਗਿਆ ਤੇ ਡੇਵਿਡ ਇਸ ਦਾ ਅੰਤਿਮ ਮਾਲਕ ਸੀ। ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਸ ਲਾਹੌਰ ’ਚ ਇਸ ਧਮਾਕੇ ਦੇ ਪਿੱਛੇ ਦੇ ਦੋਸ਼ੀਆਂ ਨੂੰ ਕਾਬੂ ਕਰਨ ਦੇ ਨੇੜੇ ਹੈ। 


author

Manoj

Content Editor

Related News