ਸ਼੍ਰੀਲੰਕਾ ’ਚ ਵਿਦੇਸ਼ੀ ਮੁਦਰਾ ਸੰਕਟ ਗਹਿਰਾਇਆ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
Sunday, Jun 26, 2022 - 06:13 PM (IST)
ਕੋਲੰਬੋ (ਭਾਸ਼ਾ) – ਵਿਦੇਸ਼ੀ ਮੁਦਰਾ ਦੇ ਡੂੰਘੇ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ’ਚ ਇਕ ਵਿਅਕਤੀ ਕੋਲ ਰੱਖੀ ਜਾਣ ਵਾਲੀ ਵਿਦੇਸ਼ੀ ਮੁਦਰਾ ਦੀ ਲਿਮਿਟ ਘਟਾ ਦਿੱਤੀ ਗਈ ਹੈ। ਹੁਣ ਇਕ ਵਿਅਕਤੀ ਕੋਲ ਵੱਧ ਤੋਂ ਵੱਧ 10,000 ਡਾਲਰ ਦੀ ਵਿਦੇਸ਼ੀ ਮੁਦਰਾ ਹੀ ਰਹਿ ਸਕਦੀ ਹੈ।
ਸ਼੍ਰੀਲੰਕਾ ਸਰਕਾਰ ਨੇ ਇਕ ਅਧਿਕਾਰਕ ਬਿਆਨ ’ਚ ਕਿਹਾ ਕਿ ਸ਼੍ਰੀਲੰਕਾ ’ਚ ਰਹਿਣ ਵਾਲੇ ਜਾਂ ਉੱਥੋਂ ਦੇ ਕਿਸੇ ਵਿਅਕਤੀ ਵਲੋਂ ਆਪਣੇ ਕਬਜ਼ੇ ’ਚ ਰੱਖੀ ਗਈ ਵਿਦੇਸ਼ੀ ਮੁਦਰਾ ਦੀ ਮਾਤਰਾ ਨੂੰ 15,000 ਅਮਰੀਕੀ ਡਾਲਰ ਤੋਂ ਘਟਾ ਕੇ 10,000 ਅਮਰੀਕੀ ਡਾਲਰ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾ ਸਰਕਾਰ ਨੇ ਭੋਜਨ ਅਤੇ ਈਂਧਨ ਸਮੇਤ ਜ਼ਰੂਰੀ ਵਸਤਾਂ ਦੇ ਇੰਪੋਰਟ ਲਈ ਜ਼ਰੂਰੀ ਵਿਦੇਸ਼ੀ ਮੁਦਰਾ ਭੰਡਾਰ ਬਣਾਈ ਰੱਖਣ ਦੇ ਮਕਸਦ ਨਾਲ ਇਹ ਲਿਮਿਟ ਲਾਗੂ ਕੀਤੀ ਹੈ।
ਇਹ ਵੀ ਪੜ੍ਹੋ : ਆਧਾਰ-ਪੈਨ ਲਿੰਕ ਕਰਨ ਲਈ ਬਚਿਆ ਇਕ ਹਫ਼ਤਾ ਬਾਕੀ, ਫਿਰ ਲੱਗੇਗਾ ਮੋਟਾ ਜੁਰਮਾਨਾ
ਗੰਭੀਰ ਵਿਦੇਸ਼ੀ ਮੁਦਰਾ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਅਪ੍ਰੈਲ ’ਚ ਆਪਣੇ ਗਲੋਬਲ ਕਰਜ਼ੇ ’ਤੇ ਡਿਫਾਲਟ ਲਈ ਮਜਬੂਰ ਹੋਣਾ ਪਿਆ ਸੀ। ਵਿੱਤ ਮੰਤਰਾਲਾ ਦੀ ਵੀ ਜ਼ਿੰਮੇਵਾਰੀ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਵਲੋਂ ਜਾਰੀ ਇਕ ਹੁਕਮ ’ਚ ਕਿਹਾ ਗਿਆ ਹੈ ਕਿ ਰਸਮੀ ਬੈਂਕਿੰਗ ਪ੍ਰਣਾਲੀ ’ਚ ਵਿਦੇਸ਼ੀ ਮੁਦਰਾ ਨੂੰ ਆਕਰਸ਼ਿਤ ਕਰਨ ਦੇ ਇਰਾਦੇ ਨਾਲ ਵਿਦੇਸ਼ੀ ਮੁਦਰਾ ਐਕਟ ਦੇ ਤਹਿਤ ਵਿਦੇਸ਼ੀ ਮੁਦਰਾ ਰੱਖਣ ਦੀ ਲਿਮਿਟ ਘਟਾਈ ਜਾ ਰਹੀ ਹੈ। ਵਾਧੂ ਵਿਦੇਸ਼ੀ ਮੁਦਰਾ ਜਮ੍ਹਾ ਕਰਨ ਅਤੇ ਅਧਿਕਾਰਤ ਡੀਲਰ ਨੂੰ ਵੇਚਣ ਲਈ 16 ਜੂਨ ਤੋਂ 14 ਵਰਕਿੰਗ ਡੇਜ਼ ਦੀ ਮੋਹਲਤ ਦਿੱਤੀ ਗਈ ਹੈ। ਲੋੜੀਂਦੀ ਵਿਦੇਸ਼ੀ ਮੁਦਰਾ ਨਾ ਹੋਣ ਕਾਰਨ ਸ਼੍ਰੀਲੰਕਾ ਨੂੰ ਈਂਧਨ ਅਤੇ ਹੋਰ ਜ਼ਰੂਰੀ ਸਾਮਾਨ ਦੀ ਖਰੀਦ ਲਈ ਵਿਦੇਸ਼ੀ ਮਦਦ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਦੌਰਾਨ ਦੇਸ਼ ਭਰ ’ਚ ਹਿੰਸਕ ਪ੍ਰਦਰਸ਼ਨ ਵੀ ਹੋਏ।
ਇਹ ਵੀ ਪੜ੍ਹੋ : RBI ਨੇ ਸਰਕਾਰੀ ਬੈਂਕ IOB 'ਤੇ ਲਗਾਇਆ 57.5 ਲੱਖ ਰੁਪਏ ਦਾ ਜੁਰਮਾਨਾ , ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।