ਫੋਰਡ ਸਰਕਾਰ ਨੇ ਓਨਟਾਰੀਓ ਦੇ ਫੰਡਾਂ ''ਚ ਕੀਤੀ ਕਟੌਤੀ

Sunday, Apr 21, 2019 - 01:27 AM (IST)

ਫੋਰਡ ਸਰਕਾਰ ਨੇ ਓਨਟਾਰੀਓ ਦੇ ਫੰਡਾਂ ''ਚ ਕੀਤੀ ਕਟੌਤੀ

ਟੋਰਾਂਟੋ - ਓਨਟਾਰੀਓ 'ਚ ਫੋਰਡ ਸਰਕਾਰ ਵੱਲੋਂ 2 ਪਬਲਿਕ ਲਾਇਬ੍ਰੇਰੀ ਸਰਵਿਸਾਂ ਲਈ ਫੰਡਾਂ 'ਚ ਕਟੌਤੀ ਕੀਤੀ ਗਈ ਹੈ। ਪ੍ਰੋਵਿੰਸ਼ੀਅਲ ਸਰਕਾਰ ਦਾ ਆਖਣਾ ਹੈ ਕਿ ਇਹ ਫੈਸਲਾ ਪ੍ਰੋਵਿੰਸ ਦੇ 11.7 ਬਿਲੀਅਨ ਡਾਲਰ ਦੇ ਘਾਟੇ ਨੂੰ ਖਤਮ ਕਰਨ ਲਈ ਹੀ ਲਿਆ ਗਿਆ ਹੈ। 
ਉੱਤਰੀ ਅਤੇ ਦੱਖਣੀ ਓਨਟਾਰੀਓ ਦੀ ਲਾਇਬ੍ਰੇਰੀ ਸਰਵਿਸਾਂ ਦੇ ਮੁਖੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਫੰਡਾਂ 'ਚ ਕਟੌਤੀ ਬਾਰੇ ਉਦੋਂ ਪਤਾ ਲੱਗਿਆ ਜਦੋਂ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਪਿਛਲੇ ਹਫਤੇ ਬਜਟ ਦਾ ਐਲਾਨ ਕੀਤਾ। ਦੱਖਣੀ ਓਨਟਾਰੀਓ ਲਾਇਬ੍ਰੇਰੀ ਸਰਵਿਸ ਦੀ ਸੀ. ਈ. ਓ. ਬਾਰਬਰਾ ਫਰੈਂਚੈਟੋ ਨੇ ਆਖਿਆ ਕਿ ਇਸ ਸਾਲ ਸਰਵਿਸ ਨੂੰ ਆਪਣੇ 3 ਮਿਲੀਅਨ ਡਾਲਰ ਦੇ ਸਾਲਾਨਾ ਬਜਟ 'ਚੋਂ 1.5 ਮਿਲੀਅਨ ਡਾਲਰ ਦੀ ਕਟੌਤੀ ਕਰਨੀ ਹੋਵੇਗੀ। ਉਹ ਇਹ ਨਹੀਂ ਦੱਸ ਸਕੀ ਕਿ ਇਸ ਨਾਲ ਸਰਵਿਸ ਦੇ ਪੱਧਰ 'ਤੇ ਕਿਹੋ ਜਿਹਾ ਅਸਰ ਪਵੇਗਾ ਜਾਂ ਫਿਰ ਏਜੰਸੀ ਦੇ 42 ਸਟਾਫ ਮੈਂਬਰਾਂ 'ਚੋਂ ਕਿਸੇ ਦੀ ਛਾਂਤੀ ਕੀਤੀ ਜਾਵੇਗੀ। 
ਬਾਰਬਰਾ ਨੇ ਆਖਿਆ ਕਿ ਉਹ ਪਿਛਲੇ 31 ਸਾਲਾਂ ਤੋਂ ਇਸ ਸੰਸਥਾ ਨਾਲ ਜੁੜੀ ਹੋਈ ਹੈ ਅਤੇ ਇਸ 'ਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੀ ਉਸ ਨੇ ਵੇਖੀਆਂ ਹਨ ਅਤੇ ਕਾਫੀ ਮਾੜਾ ਦੌਰ ਵੀ ਵੇਖਿਆ ਹੈ। ਪਰ ਮੰਦਭਾਗੀ ਗੱਲ ਇਹ ਹੈ ਕਿ ਇਹ ਸੱਭ ਨਾਲੋਂ ਕਾਲਾ ਪੰਨਾਂ ਹੋਵੇਗਾ। ਉਨ੍ਹਾਂ ਆਖਿਆ ਕਿ ਉਹ ਕਾਫੀ ਉਦਾਸ ਹਨ। ਦੋਵੇਂ ਸਰਵਿਸ ਪ੍ਰੋਵਿੰਸ ਭਰ ਦੀਆਂ ਸੈਂਕੜੇ ਜਨਤਕ ਲਾਇਬ੍ਰੇਰੀਜ਼ ਨੂੰ ਕਈ ਤਰ੍ਹਾਂ ਦਾ ਸਹਿਯੋਗ ਦਿੰਦੀਆਂ ਹਨ। ਜਿਨ੍ਹਾਂ 'ਚ ਇੰਟਰ ਲਾਇਬ੍ਰੇਰੀ ਲੋਨ, ਬੁੱਕ ਡਲਿਵਰੀ ਅਤੇ ਸਟਾਫ ਟ੍ਰੇਨਿੰਗ ਆਦਿ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਇਸ ਗੱਲ ਦੀ ਉਨ੍ਹਾਂ ਨੂੰ ਕਾਫੀ ਨਿਰਾਸ਼ਾ ਹੋਈ ਹੈ ਕਿ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਹੈ। ਓਨਟਾਰੀਓ ਲਾਇਬ੍ਰੇਰੀ ਸਰਵਿਸ ਨਾਰਥ ਦੀ ਸੀ. ਈ. ਓ. ਮੈਲਿਸਾ ਡਓਨੋਫਰੀਓ ਜੋਨਜ਼, ਜਿਨ੍ਹਾਂ ਦੀ ਫੰਡਾਂ 'ਚ ਵੀ ਕਟੌਤੀ ਕੀਤੀ ਗਈ ਹੈ, ਨੇ ਆਖਿਆ ਕਿ ਉਹ ਸਰਕਾਰ ਦੇ ਇਸ ਫੈਸਲੇ ਤੋਂ ਹੈਰਾਨ ਹੈ।
ਐੱਨ. ਡੀ. ਪੀ. ਆਗੂ ਐਂਡਰੀਆ ਹੌਰਵਥ ਨੇ ਇਸ ਫੈਸਲੇ ਨੂੰ ਕਾਫੀ ਸ਼ੌਕਿੰਗ ਦੱਸਿਆ ਕਿ ਅਤੇ ਆਖਿਆ ਕਿ ਲਾਇਬ੍ਰੇਰੀਜ਼ ਕਈ ਕਮਿਊਨਿਟੀਜ਼ ਦਾ ਮੌਲਿਕ ਹਿੱਸਾ ਹੁੰਦੀਆਂ ਹਨ ਜਿੱਥੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚੇ ਆ ਸਕਦੇ ਹਨ ਅਤੇ ਉਨ੍ਹਾਂ ਦੀ ਕੰਪਿਊਟਰਜ਼ ਤੱਕ ਪਹੁੰਚ ਹੁੰਦੀ ਹੈ ਅਤੇ ਕਈ ਹੋਰਨਾਂ ਸਰੋਤਾਂ ਤੱਕ ਵੀ ਉਹ ਪਹੁੰਚ ਸਕਦੇ ਹਨ।


author

Khushdeep Jassi

Content Editor

Related News